03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ ਵਲੋਂ ਦੇਸ਼ ਵਿਆਪੀ ਹੜਤਾਲ 27 ਨੂੰ -ਨਰੇਸ਼ ਵੈਦ

ਅਜੀਤ ਡੈਸਕ 26-01-2026
ਫ਼ਤਹਿਗੜ੍ਹ ਸਾਹਿਬ, 25 ਜਨਵਰੀ (ਬਲਜਿੰਦਰ ਸਿੰਘ)-ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ, ਜਿਸ ਵਿਚ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੀਆਂ 9 ਯੂਨੀਅਨਾਂ ਸ਼ਾਮਿਲ ਹਨ, ਵਲੋਂ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਬੈਂਕ ਇੰਪਲਾਈਜ਼ ਯੂਨੀਅਨ ਦੇ ਉਪ ਜਨਰਲ ਸਕੱਤਰ ਨਰੇਸ਼ ਵੈਦ ਨੇ ਦੱਸਿਆ ਕਿ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਾਂ ਵਲੋਂ ਬੈਂਕਿੰਗ ਸੈਕਟਰ ਵਿਚ ਹਰ ਹਫ਼ਤੇ 5 ਕੰਮਕਾਜੀ ਦਿਨ ਲਾਗੂ ਕਰਨ ਦੀ ਮੰਗ ਕੀਤੀ ਜਾ ਰਹੀ ਹੈ | ਸਾਲ 2015 ਵਿਚ ਹਸਤਾਖ਼ਰ ਕੀਤੇ ਗਏ 10ਵੇਂ ਦੁਵੱਲੇ ਸਮਝੌਤੇ, 7ਵੇਂ ਸੰਯੁਕਤ ਨੋਟ ਵਿਚ ਆਈ.ਬੀ.ਏ. ਅਤੇ ਸਰਕਾਰ ਨੇ ਸਹਿਮਤੀ ਪ੍ਰਗਟਾਈ ਸੀ ਅਤੇ ਇਸ ਅਨੁਸਾਰ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਐਲਾਨਿਆ ਜਾ ਰਿਹਾ ਹੈ ਜਦੋਂ ਕਿ ਬਾਕੀ ਸ਼ਨੀਵਾਰ ਅੱਧੇ ਦਿਨ ਦੀ ਬਜਾਏ ਪੂਰੇ ਕੰਮਕਾਜੀ ਦਿਨ ਹੁੰਦੇ ਹਨ | ਉਨ੍ਹਾਂ ਕਿਹਾ ਕਿ ਉਸ ਸਮੇਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਬਾਕੀ ਸਾਰੇ ਸ਼ਨੀਵਾਰਾਂ ਨੂੰ ਛੁੱਟੀ ਵਜੋਂ ਘੋਸ਼ਿਤ ਕਰਨ ਦੀ ਮੰਗ 'ਤੇ ਸਹੀ ਸਮੇਂ 'ਤੇ ਵਿਚਾਰ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਾਲ 2022 ਵਿਚ ਸਰਕਾਰ ਅਤੇ ਭਾਰਤੀ ਬੈਂਕ ਐਸੋਸੀਏਸ਼ਨ ਨੇ ਕੰਮ ਦੇ ਘੰਟੇ ਵਧਾਉਣ ਲਈ ਯੂ.ਐੱਫ.ਬੀ.ਯੂ ਨਾਲ ਇਸ ਮੁੱਦੇ 'ਤੇ ਚਰਚਾ ਕਰਨ ਲਈ ਸਹਿਮਤੀ ਦਿੱਤੀ ਤਾਂ ਜੋ ਬਾਕੀ ਸ਼ਨੀਵਾਰ ਨੂੰ ਛੁੱਟੀਆਂ ਐਲਾਨੀਆਂ ਜਾ ਸਕਣ | ਉਨ੍ਹਾਂ ਦੱਸਿਆ ਕਿ 2023 ਵਿਚ ਵਿਚਾਰ ਵਟਾਂਦਰੇ ਤੋਂ ਬਾਅਦ ਇਹ ਸਹਿਮਤੀ ਹੋਈ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਕੰਮ ਦੇ ਘੰਟਿਆਂ ਵਿਚ 40 ਮਿੰਟ ਦਾ ਵਾਧਾ ਕੀਤਾ ਜਾਵੇਗਾ ਅਤੇ ਬਾਕੀ ਸ਼ਨੀਵਾਰ ਨੂੰ ਛੁੱਟੀਆਂ ਐਲਾਨੀਆਂ ਜਾਣਗੀਆਂ | ਇਸ ਦੀ ਸਿਫ਼ਾਰਸ਼ ਸਰਕਾਰ ਨੂੰ ਕੀਤੀ ਗਈ ਹੈ, ਪਰ ਬਦਕਿਸਮਤੀ ਨਾਲ ਇਹ ਪਿਛਲੇ ਦੋ ਸਾਲਾਂ ਤੋਂ ਸਰਕਾਰ ਦੀ ਪ੍ਰਵਾਨਗੀ ਲਈ ਲੰਬਿਤ ਹੈ ਕਿਉਂਕਿ ਸਰਕਾਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ, ਇਸ ਲਈ ਯੂ.ਐੱਫ.ਬੀ.ਯੂ ਨੇ 24 ਅਤੇ 25 ਮਾਰਚ 2025 ਨੂੰ ਦੋ ਦਿਨਾਂ ਦੀ ਹੜਤਾਲ ਦਾ ਸੱਦਾ ਦਿੱਤਾ |
ਉਸ ਸਮੇਂ ਜਥੇਬੰਦੀ ਨੂੰ ਸੂਚਿਤ ਕੀਤਾ ਗਿਆ ਸੀ ਕਿ ਇਹ ਮੁੱਦਾ ਵਿਚਾਰ ਅਧੀਨ ਹੈ, ਇਸ ਲਈ ਹੜਤਾਲ ਮੁਲਤਵੀ ਕਰ ਦਿੱਤੀ ਗਈ ਸੀ | ਇਸ ਗੰਭੀਰ ਭਰੋਸੇ ਤੋਂ ਬਾਅਦ ਵੀ ਸਰਕਾਰ ਵਲੋਂ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਹੈ | ਜਿਸ ਦੇ ਰੋਸ ਵਜੋਂ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ ਨੇ ਵੱਖ-ਵੱਖ ਰੋਸ ਪ੍ਰੋਗਰਾਮਾਂ ਰਾਹੀਂ ਸਰਕਾਰ ਦਾ ਧਿਆਨ ਖਿੱਚਣ ਤੋਂ ਬਾਅਦ 27 ਜਨਵਰੀ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ | ਉਨ੍ਹਾਂ ਸਮੂਹ ਜਥੇਬੰਦੀਆਂ ਨੂੰ ਇਸ ਹੜਤਾਲ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ |
ਪਿਛਲੀ ਖ਼ਬਰ ਮਨਰੇਗਾ 'ਤੇ ਹਮਲੇ ਦੇ ਵਿਰੋਧ ਵਿਚ ਪਿੰਡ ਪੰਡਰਾਲੀ ਵਿਖੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਅਗਲੀ ਖ਼ਬਰ 16ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।