ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਬਲਜਿੰਦਰ ਸਿੰਘ)-ਕੇਂਦਰੀ ਮਜ਼ਦੂਰ ਸੰਗਠਨਾਂ ਦੇ ਸੱਦੇ 'ਤੇ ਅੱਜ ਐਨ.ਆਰ.ਐਮ.ਯੂ ਸਰਹਿੰਦ ਸ਼ਾਖਾ ਵਲੋਂ ਸਰਹਿੰਦ ਵਿਖੇ ਗੇਟ ਮੀਟਿੰਗ ਦਾ ਆਯੋਜਨ ਕੀਤਾ ਗਿਆ | ਇਸ ਮੌਕੇ 'ਤੇ ਨੰਗਲ ਡੈਮ, ਰਾਜਪੁਰਾ ਅਤੇ ਰੂਪਨਗਰ ਸਟੇਸ਼ਨਾਂ 'ਤੇ ਵੀ ਰੋਸ ਪ੍ਰਦਰਸ਼ਨ ਕੀਤੇ ਗਏ | ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਵੱਡੀ ਗਿਣਤੀ ਵਿਚ ਨੌਜਵਾਨ ਤੇ ਮਹਿਲਾ ਕਰਮਚਾਰੀਆਂ ਨੇ ਭਾਗ ਲੈ ਕੇ ਆਪਣੀ ਇਕਜੁੱਟਤਾ ਦਾ ਸੁਨੇਹਾ ਦਿੱਤਾ | ਸ਼ਾਖਾ ਸਕੱਤਰ ਜਗਦੀਪ ਸਿੰਘ ਨੇ ਸਭਾ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਵਿਰੋਧੀ ਚਾਰ ਲੇਬਰ ਕੋਡ ਕਾਨੂੰਨ ਨੂੰ ਰੱਦ ਕਰਨ, ਖ਼ਤਮ ਕੀਤੇ ਗਏ 29 ਲੇਬਰ ਕਾਨੂੰਨਾਂ ਦੀ ਬਹਾਲੀ, ਰਨਿੰਗ ਸਟਾਫ਼ ਨੂੰ 25 ਫੀਸਦੀ ਵਧਿਆ ਹੋਇਆ ਕਿਲੋਮੀਟਰ ਭੱਤਾ 1 ਜਨਵਰੀ 2024 ਤੋਂ ਲਾਗੂ ਕਰਨ, ਖਾਲੀ ਅਸਾਮੀਆਂ 'ਤੇ ਨਿਯਮਿਤ ਭਰਤੀ, ਪੁਰਾਣੀ ਪੈਨਸ਼ਨ ਦੇ ਬਰਾਬਰ ਸੁਵਿਧਾਵਾਂ, ਨਿੱਜੀਕਰਨ ਤੇ ਫਿਕਸਡ ਟਰਮ ਨਿਯੁਕਤੀਆਂ ਨੂੰ ਬੰਦ ਕਰਨ ਅਤੇ 8ਵੇਂ ਵੇਤਨ ਕਮਿਸ਼ਨ ਨੂੰ 1 ਜਨਵਰੀ 2026 ਤੋਂ ਲਾਗੂ ਕਰਨ ਦੀ ਮੰਗ ਰੱਖੀ | ਸਭਾ ਵਿਚ ਸ਼ਾਖਾ ਪ੍ਰਧਾਨ ਸੰਜੀਵ ਕੁਮਾਰ ਵਰਮਾ ਸਮੇਤ ਸ਼ਾਖਾ ਦੇ ਅਹੁਦੇਦਾਰ, ਨੌਜਵਾਨ ਸਾਥੀ ਅਤੇ ਮਹਿਲਾ ਸ਼ਕਤੀ ਵੱਡੀ ਗਿਣਤੀ ਵਿਚ ਮੌਜੂਦ ਰਹੀ |