24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

ਟਰੇਡ ਯੂਨੀਅਨ ਦੇ ਸੱਦੇ 'ਤੇ ਡਵੀਜ਼ਨ ਸਰਹਿੰਦ ਦੇ ਮੁਲਾਜ਼ਮਾਂ ਵਲੋਂ ਬਿਜਲੀ ਦਫ਼ਤਰ ਦੇ ਮੁੱਖ ਗੇਟ 'ਤੇ ਰੋਸ ਰੈਲੀ

ਕੌਂਸਲ ਆਫ਼ ਜੂਨੀਅਰ ਇੰਜੀਨੀਅਰਜ਼ ਦੇ ਆਗੂ ਦਵਿੰਦਰ ਸਿੰਘ ਧਰਨੇ ਨੂੰ ਸੰਬੋਧਨ ਕਰਦੇ ਹੋਏ | ਅਜੀਤ ਤਸਵੀਰ <br/> 13-02-2026
ਫ਼ਤਹਿਗੜ੍ਹ ਸਾਹਿਬ, 12 ਫ਼ਰਵਰੀ (ਮਨਪ੍ਰੀਤ ਸਿੰਘ)-ਬਿਜਲੀ ਸੋਧ ਬਿੱਲ 2025 ਦੇ ਵਿਰੋਧ ਵਿਚ ਟਰੇਡ ਯੂਨੀਅਨ ਦੇ ਸੱਦੇ 'ਤੇ ਡਵੀਜ਼ਨ ਸਰਹਿੰਦ ਦੇ ਸਾਰੇ ਕਰਮਚਾਰੀਆਂ ਵਲੋਂ ਇਕ ਰੋਜ਼ਾ ਹੜਤਾਲ ਕਰਦੇ ਹੋਏ ਧਰਨੇ 'ਚ ਪੀ.ਐਸ.ਪੀ.ਸੀ.ਐਲ ਦੀਆਂ ਜੁਝਾਰੂ ਜਥੇਬੰਦੀਆਂ ਜੁਆਇੰਟ ਫੋਰਮ, ਮੁਲਾਜ਼ਮ ਏਕਤਾ ਮੰਚ, ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਸ਼ਾਮਿਲ ਹੋਈਆਂ | ਡਿਵੀਜ਼ਨ ਸਰਹਿੰਦ ਦੇ ਮੇਨ ਗੇਟ ਤੇ ਰੋਸ ਰੈਲੀ ਵਿਚ ਪੈਨਸ਼ਨ ਐਸੋਸੀਏਸ਼ਨ ਯੂਨੀਅਨ ਅਤੇ ਠੇਕਾ ਮੁਲਾਜ਼ਮ ਸੀ.ਐਚ. ਵੀ ਸਾਥੀਆਂ ਨੇ ਵੀ ਸਮਰਥਨ ਦਿੱਤਾ ਤੇ ਇਸ ਰੋਸ ਰੈਲੀ ਵਿਚ ਵੱਖ-ਵੱਖ ਬੁਲਾਰਿਆਂ ਵਲੋਂ ਬਿਜਲੀ ਸੋਧ ਬਿੱਲ 2025 ਦੇ ਮਾਰੂ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ |
ਧਰਨੇ ਨੂੰ ਸੰਬੋਧਨ ਕਰਦੇ ਹੋਏ ਕੌਂਸਲ ਆਫ਼ ਜੂਨੀਅਰ ਇੰਜੀਨੀਅਰ ਦੇ ਸੂਬਾ ਆਗੂ ਇੰਜੀਨੀਅਰ ਦਵਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਸੋਧ ਬਿੱਲ 2025 ਪਾਵਰ ਸੈਕਟਰ ਨੂੰ ਨਿੱਜੀ ਹੱਥਾਂ ਵਿਚ ਦੇਣ ਦਾ ਇਕ ਜਰੀਆ ਹੈ, ਇਸ ਨਾਲ ਮਹਿਕਮੇ ਦਾ ਪੂਰਾ ਇੰਨਫਰਾਸਟਰਕਚਰ ਅਤੇ ਜਾਇਦਾਦਾਂ ਨਿੱਜੀ ਹੱਥਾਂ ਵਿਚ ਦੇਣ ਦੀ ਤਜਵੀਜ਼ ਹੈ, ਜਿਸ ਦਾ ਵਿਰੋਧ ਕਰਨਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ, ਕਿਉਂਕਿ ਇਹ ਸਾਡੀ ਹੋਂਦ ਦੀ ਲੜਾਈ ਹੈ | ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਵਲੋਂ ਡਿਵੀਜ਼ਨ ਪ੍ਰਧਾਨ ਰਸ਼ਪਾਲ ਸਿੰਘ ਅਤੇ ਨਰਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ | ਆਗੂਆਂ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਬਿਜਲੀ ਅਦਾਰੇ ਨੂੰ ਮਜ਼ਬੂਤ ਕਰਨ ਦੀ ਥਾਂ 'ਤੇ ਜ਼ਮੀਨਾਂ ਜਾਇਦਾਦਾਂ ਵੇਚਣ ਲਈ ਬੇਜਿੱਦ ਹੈ, ਇਸ ਲਈ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚਾ ਸਭ ਤੋਂ ਅੱਗੇ ਹੋ ਕੇ ਲੜਾਈ ਲੜ ਰਿਹਾ ਹੈ | ਉਨ੍ਹਾਂ ਕਿਹਾ ਕਿ ਬੇਸ਼ੱਕ ਅੱਜ ਪੰਜਾਬ ਦੇ ਬਿਜਲੀ ਕਰਮਚਾਰੀਆਂ ਸਾਹਮਣੇ ਬਹੁਤ ਚੁਣੌਤੀਆਂ ਹਨ, ਪ੍ਰੰਤੂ ਨਿੱਜੀਕਰਨ ਦਾ ਮਸਲਾ ਸਭ ਤੋਂ ਵੱਡਾ ਹੈ, ਕਿਉਂਕਿ ਜੇਕਰ ਅਦਾਰਾ ਰਹੇਗਾ ਤਾਂ ਹੀ ਮੰਗਾਂ ਰਹਿਣਗੀਆਂ | ਬਿਜਲੀ ਸੋਧ ਬਿੱਲ ਰਾਹੀਂ ਨਿੱਜੀਕਰਨ ਲਾਗੂ ਹੋਣ ਤੋਂ ਬਾਅਦ ਅਸੀਂ ਸਰਕਾਰੀ ਕੰਪਨੀਆਂ ਦੀ ਬਜਾਏ ਇਕ ਨਿੱਜੀ ਕੰਪਨੀ ਦੇ ਮੁਲਾਜ਼ਮ ਬਣ ਜਾਵਾਂਗੇ ਅਤੇ ਨੌਕਰੀ ਸ਼ਰਤਾਂ, ਤਨਖ਼ਾਹ, ਪੈਨਸ਼ਨ ਦੀ ਦੇਣਦਾਰੀ, ਬਕਾਏ, ਸਭ ਕੁਝ ਨਿੱਜੀ ਹੱਥਾਂ ਵਿਚ ਆ ਜਾਵੇਗਾ ਜਿਸ ਦੀ ਪ੍ਰਤੱਖ ਉਦਾਹਰਣ ਚੰਡੀਗੜ੍ਹ ਬਿਜਲੀ ਬੋਰਡ ਦਾ ਨਿੱਜੀਕਰਨ ਸਾਡੇ ਸਭ ਦੇ ਸਾਹਮਣੇ ਹੈ | ਇਸ ਮੌਕੇ ਤੇ ਸਟੇਟ ਆਗੂ ਇੰਜ. ਮਨਦੀਪ ਸਿੰਘ ਮਾਜਰੀ ਸੋਢੀਆਂ, ਸਰਕਲ ਪ੍ਰਧਾਨ ਹਰਕੀਰਤ ਸਿੰਘ ਅਲੂਣਾ, ਸਕੱਤਰ ਦਲਜੀਤ ਸਿੰਘ ਜੰਜੂਆ, ਅੰਮਿ੍ਤਪਾਲ ਸਿੰਘ, ਡਿਵੀਜ਼ਨ ਪ੍ਰਧਾਨ ਜਸਵੀਰ ਸਿੰਘ ਤਲਾਣੀਆਂ, ਸਕੱਤਰ ਰਵਿੰਦਰ ਕੁਮਾਰ ਬਹਾਦਰਗੜ੍ਹ, ਅਮਨਦੀਪ ਸਿੰਘ, ਸਰਬਪ੍ਰੀਤ ਸਿੰਘ, ਮਨਦੀਪ ਸਿੰਘ ਪਟਿਆਲਾ, ਸ਼ਮਿੰਦਰ ਸਿੰਘ, ਹਰਜਿੰਦਰ ਸਿੰਘ ਰੁੜਕੀ, ਠੇਕਾ ਮੁਲਾਜ਼ਮ ਪ੍ਰਧਾਨ ਜਗਵਿੰਦਰ ਸਿੰਘ ਜੱਗਾ ਅਤੇ ਭਾਰੀ ਗਿਣਤੀ ਵਿਚ ਮੁਲਾਜ਼ਮ ਹਾਜ਼ਰ ਹੋਏ |
ਪਿਛਲੀ ਖ਼ਬਰ 'ਆਪ' ਦੀ ਜ਼ਿਲ੍ਹਾ ਜਥੇਬੰਦੀ ਨੇ ਕੇਂਦਰ ਸਰਕਾਰ ਖ਼ਿਲਾਫ਼ ਦਿੱਤਾ ਰੋਸ ਧਰਨਾ ਅਗਲੀ ਖ਼ਬਰ ਵਰਲਡ ਯੂਨੀਵਰਸਿਟੀ 'ਚ ਹਾਈਡ੍ਰੋਪੋਨਿਕਸ ਵਰਕਸ਼ਾਪ ਦਾ ਸਫਲ ਸੈਸ਼ਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।