ਮੰਡੀ ਗੋਬਿੰਦਗੜ੍ਹ, 12 ਫਰਵਰੀ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਿਚ 30ਵਾਂ ਸਾਲਾਨਾ ਖੇਡ ਮੇਲਾ ਧੂਮ-ਧਾਮ ਨਾਲ ਕਰਵਾਇਆ ਗਿਆ | ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਰਾਜ ਕੁਮਾਰ ਗੋਇਲ ਪ੍ਰਧਾਨ ਗੋਬਿੰਦਗੜ੍ਹ ਐਜੂਕੇਸ਼ਨਲ ਐਂਡ ਸੋਸ਼ਲ ਵੈੱਲਫੇਅਰ ਟਰੱਸਟ ਨੇ ਸ਼ਿਰਕਤ ਕੀਤੀ | ਉਨ੍ਹਾਂ ਨਾਲ ਪ੍ਰਬੰਧਕੀ ਕਮੇਟੀ ਦੇ ਸੈਕਟਰੀ ਨਿਤਿਨ ਸੱਗੜ, ਮੈਂਬਰ ਰਾਹੁਲ ਗੋਇਲ, ਸ਼ਿਪਰਾ ਗੋਇਲ, ਪਿਆਰਾ ਸਿੰਘ ਕਲਸੀ, ਨਰੇਸ਼ ਅਗਰਵਾਲ, ਗੋਬਿੰਦਗੜ੍ਹ ਪਬਲਿਕ ਕਾਲਜ ਦੇ ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ ਅਤੇ ਪੀ.ਆਈ.ਐਮ.ਟੀ. ਦੇ ਪਿ੍ੰਸੀਪਲ ਡਾ. ਨਿਸ਼ੀ ਬਾਲਾ ਵੀ ਵਿਸ਼ੇਸ਼ ਰੂਪ 'ਚ ਸ਼ਾਮਿਲ ਸਨ | ਸਮਾਗਮ ਦੀ ਸ਼ੁਰੂਆਤ ਪ੍ਰਾਰਥਨਾ, ਝੰਡਾ ਲਹਿਰਾਉਣ, ਰਾਸ਼ਟਰੀ ਗੀਤ ਅਤੇ ਖਿਡਾਰੀਆਂ ਦੀ ਸਹੁੰ ਚੁੱਕ ਨਾਲ ਹੋਈ | ਇਸ ਖੇਡ ਮੇਲੇ ਦੌਰਾਨ ਨਰਸਰੀ ਤੋਂ ਲੈ ਕੇ ਨੌਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਵੱਖ-ਵੱਖ ਟਰੈਕ ਅਤੇ ਫ਼ੀਲਡ ਈਵੈਂਟ ਕਰਵਾਏ ਗਏ | ਜਿਨ੍ਹਾਂ ਵਿਚ 50-ਮੀਟਰ, 100-ਮੀਟਰ, 200-ਮੀਟਰ, 400-ਮੀਟਰ ਅਤੇ 600-ਮੀਟਰ ਦੌੜਾਂ, ਰਿਲੇ ਰੇਸ, ਬੋਰੀ ਦੌੜ, ਤਿੰਨ ਟੰਗਾਂ ਦੀ ਦੌੜ, ਲੰਬੀ ਛਾਲ ਅਤੇ ਸ਼ਾਟ ਪੁੱਟ ਵਰਗੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਪੂਰੇ ਜੋਸ਼ ਅਤੇ ਖੇਡ ਭਾਵਨਾ ਨਾਲ ਭਾਗ ਲਿਆ, ਜਦਕਿ ਮਾਪਿਆਂ ਲਈ ਵੀ ਵਿਸ਼ੇਸ਼ ਦੌੜਾਂ ਕਰਵਾਈਆਂ ਗਈਆਂ | ਇਨ੍ਹਾਂ ਮੁਕਾਬਲਿਆਂ ਵਿਚ ਸਰਵੋਤਮ ਖਿਡਾਰੀ ਦਾ ਖ਼ਿਤਾਬ ਲੜਕਿਆਂ 'ਚੋਂ ਗੁਰਨੂਰ ਸਿੰਘ ਅਤੇ ਅਕਸ਼ੈ ਖੁੱਲਰ ਨੇ ਹਾਸਲ ਕੀਤਾ, ਜਦਕਿ ਲੜਕੀਆਂ 'ਚੋਂ ਅਦਿਤੀ ਸਰਵੋਤਮ ਖਿਡਾਰੀ ਰਹੀ | ਸਰਵੋਤਮ ਮਾਰਚ ਪਾਸਟ ਹਾਊਸ ਦਾ ਖ਼ਿਤਾਬ ਪਟੇਲ ਹਾਊਸ ਨੇ ਹਾਸਲ ਕੀਤਾ, ਜਦਕਿ ਟਾਗੋਰ ਹਾਊਸ ਦੂਜੇ ਸਥਾਨ 'ਤੇ ਰਿਹਾ | ਇਸ ਮੌਕੇ ਆਲ ਓਵਰ ਬੈਸਟ ਹਾਊਸ ਦਾ ਸਨਮਾਨ ਵੀ ਪਟੇਲ ਹਾਊਸ ਨੂੰ ਪ੍ਰਾਪਤ ਹੋਇਆ, ਜਦਕਿ ਗਾਂਧੀ ਹਾਊਸ ਦੂਜੇ ਸਥਾਨ 'ਤੇ ਰਿਹਾ | ਸਮਾਪਤੀ ਸਮਾਰੋਹ ਦੌਰਾਨ ਭੰਗੜੇ ਦੀ ਸ਼ਾਨਦਾਰ ਪੇਸ਼ਕਾਰੀ ਨੇ ਦਰਸ਼ਕਾਂ ਦਾ ਮਨ ਮੋਹ ਲਿਆ | ਪ੍ਰਬੰਧਕੀ ਕਮੇਟੀ ਦੇ ਸੈਕਟਰੀ ਨਿਤਿਨ ਸੱਗੜ ਨੇ ਆਪਣੇ ਸੰਬੋਧਨ ਵਿਚ ਖੇਡ ਮੇਲੇ ਦੀ ਸਫਲਤਾ ਲਈ ਸਕੂਲ ਪ੍ਰਬੰਧਨ, ਅਧਿਆਪਕ ਵਰਗ, ਵਿਦਿਆਰਥੀਆਂ ਤੇ ਮਾਪਿਆਂ ਦੇ ਸਹਿਯੋਗ ਦੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿਚ ਵੀ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ | ਸਮਾਰੋਹ ਵਿਚ ਮੁੱਖ ਮਹਿਮਾਨ ਰਾਜ ਕੁਮਾਰ ਗੋਇਲ ਨੇ ਜੇਤੂ ਵਿਦਿਆਰਥੀਆਂ ਨੂੰ ਤਗਮੇ ਅਤੇ ਸਰਟੀਫਿਕੇਟ ਪ੍ਰਦਾਨ ਕਰਕੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ | ਸਕੂਲ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਨਾਲ ਅਨੁਸ਼ਾਸਨ, ਟੀਮ ਵਰਕ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਵਿਕਾਸ ਹੁੰਦਾ ਹੈ |