ਫ਼ਤਹਿਗੜ੍ਹ ਸਾਹਿਬ, 12 ਫਰਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਵਲੋਂ ਟ੍ਰੇਨਿੰਗ ਤੇ ਪਲੇਸਮੈਂਟ ਸੈੱਲ ਦੇ ਸਹਿਯੋਗ ਨਾਲ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਵਿਦਿਆਰਥੀਆਂ ਲਈ ਸਿਹਤ ਸੰਭਾਲ ਖੇਤਰ ਵਿਚ ਕਰੀਅਰ ਦੇ ਮੌਕੇ ਵਿਸ਼ੇ 'ਤੇ ਇਕ ਵਿਸ਼ੇਸ਼ ਗੈੱਸਟ ਲੈਕਚਰ ਕਰਵਾਇਆ ਗਿਆ | ਜਿਸ ਦਾ ਉਦੇਸ਼ ਵਿਦਿਆਰਥੀਆਂ ਵਿਚ ਵਿਹਾਰਕ ਹੁਨਰਾਂ ਦਾ ਵਿਕਾਸ ਕਰਨਾ, ਕਰੀਅਰ ਸਬੰਧੀ ਜਾਗਰੂਕਤਾ ਵਧਾਉਣਾ ਅਤੇ ਉਨ੍ਹਾਂ ਨੂੰ ਉਦਯੋਗ ਸਬੰਧੀ ਐਕਸਪੋਜ਼ਰ ਪ੍ਰਦਾਨ ਕਰਨਾ ਸੀ | ਇਸ ਮੌਕੇ ਟੈੱਕ ਮਹਿੰਦਰਾ ਫਾਊਾਡੇਸ਼ਨ ਦੇ ਆਸ਼ੀਸ਼ ਡੂਮਰਾ ਅਤੇ ਉਨ੍ਹਾਂ ਦੀ ਟੀਮ ਨੇ ਵਿਦਿਆਰਥੀਆਂ ਨਾਲ ਜਿੱਥੇ ਦੇਸ਼ ਵਿਚ ਤੇਜ਼ੀ ਨਾਲ ਵਿਕਸਤ ਹੋ ਰਹੇ ਸਿਹਤ ਸੰਭਾਲ ਅਤੇ ਹਸਪਤਾਲ ਪ੍ਰਬੰਧਨ ਖੇਤਰ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ, ਉੱਥੇ ਨਾਲ ਹੀ ਹਸਪਤਾਲ ਪ੍ਰਬੰਧਨ, ਸਿਹਤ ਸੰਭਾਲ ਪ੍ਰਸ਼ਾਸਨ, ਮੈਡੀਕਲ ਸੰਚਾਲਨ, ਸਿਹਤ ਬੀਮਾ, ਸਪਲਾਈ ਚੇਨ ਪ੍ਰਬੰਧਨ ਅਤੇ ਸਿਹਤ ਸੰਭਾਲ ਪ੍ਰਬੰਧਨ ਆਦਿ ਖੇਤਰਾਂ ਵਿਚ ਉਪਲੱਬਧ ਕਰੀਅਰ ਮੌਕਿਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ | ਇਸ ਤੋਂ ਇਲਾਵਾ ਉਨ੍ਹਾਂ ਨੇ ਸਿਹਤ ਸੰਭਾਲ ਪ੍ਰਬੰਧਨ ਵਿਚ ਸਫਲਤਾ ਪ੍ਰਾਪਤ ਕਰਨ ਲਈ ਲੋੜੀਂਦੇ ਵਿਹਾਰਕ ਹੁਨਰਾਂ, ਪ੍ਰਭਾਵਸ਼ਾਲੀ ਸੰਚਾਰ ਯੋਗਤਾਵਾਂ, ਡਿਜੀਟਲ ਦਖ਼ਲਅੰਦਾਜ਼ੀ ਅਤੇ ਪੇਸ਼ੇਵਾਰ ਨੈਤਿਕਤਾ ਦੀ ਮਹੱਤਤਾ 'ਤੇ ਵੀ ਜ਼ੋਰ ਦਿੱਤਾ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਅਜਿਹੇ ਗਿਆਨ ਭਰਪੂਰ ਲੈਕਚਰ ਵਿਦਿਆਰਥੀਆਂ ਨੂੰ ਸਿਹਤ ਸੰਭਾਲ ਖੇਤਰ ਨਾਲ ਜੁੜੇ ਵਿਸ਼ੇਸ਼ ਹੁਨਰਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਭਵਿੱਖ ਦੀਆਂ ਪੇਸ਼ੇਵਾਰ ਚੁਨੌਤੀਆਂ ਲਈ ਤਿਆਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ | ਕਾਲਜ ਦੇ ਵਾਈਸ ਪਿ੍ੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਸਮੇਂ ਦੀ ਲੋੜ ਅਨੁਸਾਰ ਵਿਸ਼ੇਸ਼ ਹੁਨਰ ਵਿਕਸਤ ਕਰਨ ਅਤੇ ਸਿਹਤ ਸੰਭਾਲ ਉਦਯੋਗ ਦੀਆਂ ਵੱਧਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕੀਤਾ | ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਮੁਖੀ ਡਾ. ਕਮਲਪ੍ਰੀਤ ਕੌਰ ਨੇ ਮੁੱਖ ਬੁਲਾਰੇ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੇ ਹੁਨਰ ਪੈਦਾ ਕਰਨ ਲਈ ਪ੍ਰੇਰਿਤ ਕੀਤਾ ਜੋ ਉਨ੍ਹਾਂ ਦੇ ਪੇਸ਼ੇਵਾਰ ਜੀਵਨ ਵਿਚ ਸਫਲ ਮਾਰਗਦਰਸ਼ਨ ਕਰਨ ਵਿਚ ਸਹਾਈ ਹੋਣ | ਪਲੇਸਮੈਂਟ ਅਫ਼ਸਰ ਡਾ. ਸੌਰਵ ਸ਼ਰਮਾ ਨੇ ਟੈੱਕ ਮਹਿੰਦਰਾ ਫਾਊਾਡੇਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦਾ ਟ੍ਰੇਨਿੰਗ ਅਤੇ ਪਲੇਸਮੈਂਟ ਸੈੱਲ ਵਿਦਿਆਰਥੀਆਂ ਵਿਚ ਰੁਜ਼ਗਾਰ ਯੋਗਤਾ ਅਤੇ ਪੇਸ਼ੇਵਾਰ ਯੋਗਤਾ ਨੂੰ ਵਧਾਉਣ ਲਈ ਨਿਰੰਤਰ ਯਤਨਸ਼ੀਲ ਰਹਿੰਦਾ ਹੈ |