15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਫ਼ਤਹਿਗੜ੍ਹ ਸਾਹਿਬ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਰਾਜ ਪੱਧਰੀ ਸਮਾਗਮ ਵਿਵਾਦਾਂ 'ਚ ਘਿਰਿਆ

ਅਜੀਤ ਡੈਸਕ 14-02-2026
ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਬਲਜਿੰਦਰ ਸਿੰਘ)-ਸਿੱਖਿਆ ਵਿਭਾਗ ਵਲੋਂ ਫ਼ਤਹਿਗੜ੍ਹ ਸਾਹਿਬ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕਰਵਾਇਆ ਗਿਆ ਰਾਜ ਪੱਧਰੀ ਪ੍ਰਤਿਭਾ ਖੋਜ ਅਤੇ ਸੱਭਿਆਚਾਰਕ ਸਮਾਗਮ ਉਸ ਵੇਲੇ ਵਿਵਾਦਾਂ ਵਿਚ ਘਿਰ ਗਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਸੋਸ਼ਲ ਮੀਡੀਆ 'ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਰਿਹਾਇਸ਼, ਖਾਣ-ਪੀਣ, ਆਵਾਜਾਈ ਅਤੇ ਫਲੈਕਸ ਬੋਰਡ ਆਦਿ ਪ੍ਰਬੰਧਾਂ ਦੀਆਂ ਖ਼ਾਮੀਆਂ ਉਜਾਗਰ ਕਰਦੇ ਹੋਏ ਸਮਾਗਮ ਸਬੰਧੀ ਜਾਰੀ ਫ਼ੰਡਾਂ ਵਿਚ ਕਥਿਤ ਧਾਂਦਲੀ ਦੇ ਦੋਸ਼ ਲਗਾਏ | ਹਲਕਾ ਇੰਚਾਰਜ ਭੁੱਟਾ ਨੇ ਪੰਜਾਬ ਸਰਕਾਰ ਦੀ ਭਿ੍ਸ਼ਟਾਚਾਰ ਵਿਰੋਧੀ ਮੁਹਿੰਮ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਇਸ ਸਮਾਗਮ ਲਈ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਰਿਹਾਇਸ਼, ਖਾਣ-ਪੀਣ, ਆਵਾਜਾਈ ਅਤੇ ਫਲੈਕਸ ਬੋਰਡ ਆਦਿ ਪ੍ਰਬੰਧਾਂ ਲਈ ਕਰੀਬ 6 ਲੱਖ ਰੁਪਏ ਦਾ ਫ਼ੰਡ ਜਾਰੀ ਕੀਤਾ ਗਿਆ ਹੈ, ਪਰ ਇਹ ਰਕਮ ਜ਼ਮੀਨੀ ਪੱਧਰ 'ਤੇ ਬੱਚਿਆਂ ਦੀ ਸਹੂਲਤ ਲਈ ਨਹੀਂ ਵਰਤੀ ਗਈ | ਉਨ੍ਹਾਂ ਕਿਹਾ ਕਿ ਬੱਚਿਆਂ ਲਈ ਕੀਤੇ ਜਾਣ ਵਾਲੇ ਪ੍ਰਬੰਧ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਿਤ ਰਹੇ, ਜਦਕਿ ਹਕੀਕਤ ਵਿਚ ਬੱਚਿਆਂ ਅਤੇ ਉਨ੍ਹਾਂ ਨਾਲ ਆਏ ਅਧਿਆਪਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਉਨ੍ਹਾਂ ਕਿਹਾ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਨਾਮ 'ਤੇ ਜਾਰੀ ਫ਼ੰਡਾਂ ਦੀ ਗ਼ਲਤ ਵਰਤੋਂ ਕਰਨਾ ਬਹੁਤ ਹੀ ਨਿੰਦਣਯੋਗ ਹੈ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਮੰਗ ਕੀਤੀ ਕਿ ਸਾਰੇ ਖ਼ਰਚਿਆਂ ਦੀ ਵਿਸਥਾਰਪੂਰਵਕ ਜਾਂਚ ਕਰਕੇ ਜਿਨ੍ਹਾਂ ਅਧਿਕਾਰੀਆਂ ਨੇ ਫ਼ੰਡਾਂ 'ਚ ਧਾਂਦਲੀ ਕੀਤੀ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਭਵਿੱਖ ਵਿਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਇਸ ਤਰ੍ਹਾਂ ਦੀ ਲਾਪਰਵਾਹੀ ਨਾ ਹੋਵੇ | ਦੂਜੇ ਪਾਸੇ ਜਦੋਂ ਇਸ ਸਬੰਧੀ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਗਿਆ ਤਾਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕਮਲਜੀਤ ਕੌਰ ਨੇ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਵਿਭਾਗ ਵਲੋਂ ਸਮਾਗਮ ਦੌਰਾਨ ਬੱਚਿਆਂ ਦੀਆਂ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਗਿਆ ਅਤੇ ਰਿਹਾਇਸ਼, ਖਾਣ-ਪੀਣ ਤੇ ਆਵਾਜਾਈ ਸਮੇਤ ਸਾਰੇ ਪ੍ਰਬੰਧ ਨਿਯਮਾਂ ਅਨੁਸਾਰ ਕੀਤੇ ਗਏ ਹਨ | ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਸਮਾਗਮ ਦੌਰਾਨ ਹਰ ਸੰਭਵ ਸਹੂਲਤ ਉਪਲੱਬਧ ਕਰਵਾਈ ਗਈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਕੀਤੀ ਗਈ | ਪੱਤਰਕਾਰਾਂ ਵਲੋਂ ਬੱਚਿਆਂ ਦੀ ਰਿਹਾਇਸ਼ ਦਾ ਪ੍ਰਬੰਧ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਸਰਾਂ ਵਿਚ ਕੀਤੇ ਜਾਣ ਸਬੰਧੀ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਮੈਨੇਜਰ ਨਾਲ ਪ੍ਰਤੀ ਬੱਚੇ ਦੇ ਹਿਸਾਬ ਨਾਲ ਬਣਦੀ ਰਕਮ ਜਮ੍ਹਾਂ ਕਰਵਾਉਣ ਦੀ ਗੱਲ ਹੋ ਚੁੱਕੀ ਹੈ ਅਤੇ ਸਾਡੇ ਵਲੋਂ ਬਣਦੇ ਪੈਸੇ ਗੁਰਦੁਆਰਾ ਸਾਹਿਬ ਕੋਲ ਜਮ੍ਹਾਂ ਕਰਵਾਏ ਜਾਣਗੇ | ਸਮਾਗਮ ਦੌਰਾਨ ਇਕ ਵਿਸ਼ੇਸ਼ ਲੋੜਾਂ ਵਾਲੇ ਬੱਚੇ ਦੇ ਸੱਟ ਵੀ ਲੱਗ ਗਈ ਸੀ ਪਰ ਉੱਥੇ ਐਂਬੂਲੈਂਸ ਦਾ ਪ੍ਰਬੰਧ ਨਾ ਹੋਣ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸਮਾਗਮ ਵਿਚ ਸਿਵਲ ਸਰਜਨ ਵੀ ਹਾਜ਼ਰ ਸਨ | ਉੱਧਰ ਜਦੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨਾਲ ਉਕਤ ਮਾਮਲੇ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀ ਰਿਹਾਇਸ਼ ਬਦਲੇ ਕੋਈ ਵੀ ਰਕਮ ਲੈਣ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਅਜਿਹੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਸਮਾਗਮ ਦੇ ਪ੍ਰਬੰਧਕਾਂ ਵਲੋਂ ਪੈਸੇ ਜਮ੍ਹਾ ਕਰਵਾ ਕੇ ਕੋਈ ਰਸੀਦ ਕਟਵਾਈ ਗਈ ਹੈ | ਫ਼ਿਲਹਾਲ ਇਹ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਲੋਕਾਂ ਵਲੋਂ ਇਸ ਸਬੰਧੀ ਤੱਥਾਂ ਸਮੇਤ ਸਾਰੀ ਸਚਾਈ ਸਾਹਮਣੇ ਲਿਆਂਦੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ | ਜਾਣਕਾਰੀ ਮੁਤਾਬਿਕ ਪ੍ਰੋਗ੍ਰਾਮ ਵਿਚ ਭਾਗ ਲੈਣ ਵਾਲੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਤੇ ਅਧਿਆਪਕਾਂ ਦੀ ਰਿਹਾਇਸ਼ ਸਬੰਧੀ ਰਾਤ ਅਤੇ ਸਵੇਰ ਦੇ ਭੋਜਨ ਦੀ ਵਿਵਸਥਾ ਲਈ 150 ਰੁਪਏ ਪ੍ਰਤੀ ਭੋਜਨ ਅਤੇ ਬਿਸਤਰਿਆਂ ਲਈ 70 ਰੁਪਏ ਪ੍ਰਤੀ ਬਿਸਤਰੇ ਦੇ ਹਿਸਾਬ ਨਾਲ ਫ਼ੰਡ ਜਾਰੀ ਕੀਤੇ ਗਏ ਹਨ |
ਪਿਛਲੀ ਖ਼ਬਰ ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਪਾਏ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੇ ਪੱਤਰਕਾਰੀ ਵਿਭਾਗ ਨੇ ਮਨਾਇਆ 'ਵਿਸ਼ਵ ਰੇਡੀਓ ਦਿਵਸ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।