ਫ਼ਤਹਿਗੜ੍ਹ ਸਾਹਿਬ, 13 ਫਰਵਰੀ (ਬਲਜਿੰਦਰ ਸਿੰਘ)-ਨਜ਼ਦੀਕੀ ਪਿੰਡ ਭਗੜਾਣਾ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਫੱਗਣ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ ਦੌਰਾਨ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਵਲੋਂ ਸੁਖਮਨੀ ਸਾਹਿਬ ਪਾਠ ਦੇ ਜਾਪ ਕੀਤੇ ਗਏ ਉਪਰੰਤ ਸਾਰਾ ਦਿਨ ਕੀਰਤਨ ਦਾ ਪ੍ਰਵਾਹ ਜਾਰੀ ਰਿਹਾ | ਜਿਸ ਦੌਰਾਨ ਭਾਈ ਜੋਰਾ ਸਿੰਘ ਝਾਂਮਪੁਰ ਵਾਲਿਆਂ ਦੇ ਕਵੀਸ਼ਰੀ ਜਥੇ ਨੇ ਸੰਗਤਾਂ ਨੂੰ ਜੁਸ਼ੀਲੀਆਂ ਬਾਰਾਂ ਅਤੇ ਗੁਰ ਇਤਿਹਾਸ ਸਰਵਣ ਕਰਵਾਇਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਥੇਦਾਰ ਜਸਮੇਰ ਸਿੰਘ ਬਲਸੂਆਂ ਨੇ ਦੱਸਿਆ ਕਿ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸਾਰੇ ਦਿਹਾੜੇ ਸ਼ਰਧਾਪੂਰਵਕ ਮਨਾਏ ਜਾਂਦੇ ਹਨ ਅਤੇ ਅੱਜ ਸੰਗਰਾਂਦ ਦਾ ਦਿਹਾੜਾ ਵੀ ਸ਼ਰਧਾ ਨਾਲ ਮਨਾਇਆ ਗਿਆ | ਜਿਸ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਹਾਜ਼ਰੀ ਭਰੀ | ਉਨ੍ਹਾਂ ਕਿਹਾ ਕਿ ਸਾਨੂੰ ਗੁਰਮਤਿ ਅਨੁਸਾਰ ਜੀਵਨ ਜਿਊਣ ਅਤੇ ਸਿੱਖ ਅਸੂਲਾਂ 'ਤੇ ਡਟ ਕੇ ਪਹਿਰਾ ਦੇਣਾ ਚਾਹੀਦਾ ਹੈ | ਸਮਾਗਮ ਦੀ ਸਮਾਪਤੀ ਮੌਕੇ ਗ੍ਰੰਥੀ ਸੁਖਵਿੰਦਰ ਸਿੰਘ ਵਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ, ਉਪਰੰਤ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ | ਇਸ ਮੌਕੇ 'ਤੇ ਪ੍ਰਬੰਧਕ ਜਸਮੇਰ ਸਿੰਘ ਬਲਸੂਆਂ, ਜਸਵੰਤ ਸਿੰਘ, ਟਹਿਲ ਸਿੰਘ, ਜੋਰਾ ਸਿੰਘ, ਭਾਈ ਸੁਖਵਿੰਦਰ ਸਿੰਘ, ਜੀਤ ਸਿੰਘ, ਗੁਰਨਾਮ ਸਿੰਘ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |