ਫ਼ਤਹਿਗੜ੍ਹ ਸਾਹਿਬ, 18 ਫਰਵਰੀ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਦੇ ਮੈਨੇਜਮੈਂਟ ਸਟੱਡੀਜ਼ ਵਿਭਾਗ ਅਤੇ ਟ੍ਰੇਨਿੰਗ ਐਂਡ ਪਲੇਸਮੈਂਟ ਸੈੱਲ ਵਲੋਂ ਕਾਲਜ ਦੇ ਇਨੋਵੇਸ਼ਨ ਸੈੱਲ ਦੇ ਸਹਿਯੋਗ ਨਾਲ ਵਿਭਾਗ ਦੇ ਪੋਸਟ ਗੈ੍ਰਜੂਏਟ ਅਤੇ ਗ੍ਰੈਜੂਏਟ ਆਖ਼ਰੀ ਸਾਲ ਦੇ ਵਿਦਿਆਰਥੀਆਂ ਲਈ 'ਇੰਟਰਵਿਊ ਲਈ ਸੰਚਾਰ ਕੌਸ਼ਲ' ਵਿਸ਼ੇ 'ਤੇ ਵਿਸ਼ੇਸ਼ ਵਰਕਸ਼ਾਪ ਆਯੋਜਿਤ ਕੀਤੀ ਗਈ | ਇਸ ਵਰਕਸ਼ਾਪ ਦਾ ਉਦੇਸ਼ ਮੌਜੂਦਾ ਉਦਯੋਗਿਕ ਮਾਪਦੰਡਾਂ ਅਨੁਸਾਰ ਵਿਦਿਆਰਥੀਆਂ ਦੀ ਸੰਚਾਰ ਯੋਗਤਾ, ਇੰਟਰਵਿਊ ਤਿਆਰੀ ਅਤੇ ਪੇਸ਼ਾਵਰ ਆਤਮਵਿਸ਼ਵਾਸ ਨੂੰ ਮਜ਼ਬੂਤ ਕਰਨਾ ਸੀ | ਸੈਸ਼ਨ ਦਾ ਆਯੋਜਨ ਆਈ.ਡੀ.ਪੀ. ਐਜੂਕੇਸ਼ਨ ਲਿਮਟਿਡ ਖੰਨਾ ਦੇ ਨੁਮਾਇੰਦਿਆਂ ਸਟ੍ਰੈਟੇਜਿਕ ਅਲਾਇੰਸ ਅੰਮਿ੍ਤਪਾਲ ਸਿੰਘ ਪਨੇਸਰ ਅਤੇ ਸ਼ਾਖ਼ਾ ਮੈਨੇਜਰ ਵਿਸ਼ਾਲ ਗੁਪਤਾ ਵਲੋਂ ਕੀਤਾ ਗਿਆ | ਉਨ੍ਹਾਂ ਵਿਦਿਆਰਥੀਆਂ ਨੂੰ ਬੋਲਚਾਲ ਅਤੇ ਗੈਰ-ਮੌਖਿਕ ਸੰਚਾਰ, ਪੇਸ਼ਾਵਰ ਸਿਸ਼ਟਾਚਾਰ, ਬਾਡੀ ਲੈਂਗਵੇਜ, ਰਿਜਿਊਮ ਬਣਾਉਣ ਅਤੇ ਇੰਟਰਵਿਊ ਪ੍ਰਸ਼ਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੀਆਂ ਰਣਨੀਤੀਆਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ | ਵਿਦਿਆਰਥੀਆਂ ਨੇ ਮੌਕ ਇੰਟਰੈਕਸ਼ਨ ਅਤੇ ਇੰਟਰਵਿਊ ਅਭਿਆਸਾਂ ਵਿਚ ਸਰਗਰਮੀ ਨਾਲ ਭਾਗ ਲਿਆ | ਕਾਲਜ ਦੇ ਡਾਇਰੈਕਟਰ ਪਿ੍ੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਕਾਰਪੋਰੇਟ ਸੈਕਟਰਾਂ ਵਲੋਂ ਇਸ ਤਰ੍ਹਾਂ ਦੀ ਪ੍ਰੈਕਟੀਕਲ ਟਰੇਨਿੰਗ ਵਿਦਿਆਰਥੀਆਂ ਦਾ ਵਿਹਾਰਕ ਅਤੇ ਵਿਵਹਾਰਿਕ ਗਿਆਨ ਵਧਾਉਣ ਵਿਚ ਬਹੁਤ ਸਹਾਇਕ ਸਿੱਧ ਹੁੰਦੀ ਹੈ | ਵਾਈਸ ਪਿ੍ੰਸੀਪਲ ਡਾ. ਬਿਕਰਮਜੀਤ ਸਿੰਘ ਨੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੀ ਸਿੱਖਿਆ ਭਰਪੂਰ ਵਰਕਸ਼ਾਪ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਵਿਦਿਆਰਥੀਆਂ ਨੂੰ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਮੈਨੇਜਮੈਂਟ ਸਟੱਡੀਜ਼ ਵਿਭਾਗ ਦੀ ਮੁਖੀ ਡਾ. ਕਮਲਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਵਿਹਾਰਕ ਗਿਆਨ ਅਤੇ ਹੁਨਰ ਵਿਕਾਸ ਲਈ ਅਜਿਹੀ ਪ੍ਰੈਕਟੀਕਲ ਸਿਖਲਾਈ ਦੀ ਭੂਮਿਕਾ 'ਤੇ ਚਾਨਣਾ ਪਾਇਆ | ਕਾਲਜ ਦੇ ਪਲੇਸਮੈਂਟ ਅਫ਼ਸਰ ਡਾ. ਸੌਰਵ ਸ਼ਰਮਾ ਨੇ ਵਰਕਸ਼ਾਪ ਦੇ ਅਖੀਰ ਵਿਚ ਧੰਨਵਾਦ ਦੇ ਮਤੇ ਨਾਲ ਸੈਸ਼ਨ ਦੀ ਸਮਾਪਤੀ ਕੀਤੀ | ਵਰਕਸ਼ਾਪ ਦੌਰਾਨ ਮੈਨੇਜਮੈਂਟ ਸਟੱਡੀਜ਼ ਵਿਭਾਗ ਦੇ ਫੈਕਲਟੀ ਮੈਂਬਰ ਡਾ. ਸ਼ਿਵਾਨੀ ਬੈਕਟਰ, ਡਾ. ਰਤਨੇਸ਼ਪਾਲ ਸਿੰਘ, ਡਾ. ਮਨਪ੍ਰੀਤ ਕੌਰ ਅਤੇ ਡਾ. ਨਿਤਿਕਾ ਵਰਮਾ ਹਾਜ਼ਰ ਸਨ |