ਅਮਲੋਹ, 28 ਫਰਵਰੀ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਕਾਂਗਰਸ ਪਾਰਟੀ ਵਲੋਂ ਬਰਨਾਲਾ ਵਿਖੇ ਕਰਵਾਈ ਜਾ ਰਹੀ ਮਨਰੇਗਾ ਬਚਾਓ, ਕਿਸਾਨ ਬਚਾਓ ਮਹਾਂਰੈਲੀ ਲਈ ਅੱਜ ਹਲਕਾ ਅਮਲੋਹ ਤੋਂ ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਪਾਰਟੀ ਆਗੂ ਅਤੇ ਵਰਕਰ ਵੱਡੇ ਕਾਫ਼ਲੇ ਸਮੇਤ ਰਵਾਨਾ ਹੋਏ | ਇਸ ਮੌਕੇ ਸ. ਨਾਭਾ ਨੇ ਕਿਹਾ ਕਿ ਬਰਨਾਲਾ ਰੈਲੀ ਨੂੰ ਲੈ ਕੇ ਕਾਂਗਰਸੀਆਂ ਵਿਚ ਭਾਰੀ ਜੋਸ਼ ਹੈ ਅਤੇ ਹਲਕਾ ਅਮਲੋਹ ਤੋਂ ਵੱਡੀ ਗਿਣਤੀ ਵਿਚ ਵਰਕਰ ਰੈਲੀ ਵਿਚ ਸ਼ਮੂਲੀਅਤ ਕਰਨ ਪਹੁੰਚ ਰਹੇ ਹਨ | ਉਨ੍ਹਾਂ ਦੱਸਿਆ ਕਿ ਰੈਲੀ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਅਤੇ ਹੋਰ ਆਗੂ ਸ਼ਮੂਲੀਅਤ ਕਰਕੇ ਮਨਰੇਗਾ ਮਜ਼ਦੂਰਾਂ ਅਤੇ ਕਿਸਾਨਾਂ ਦੀ ਆਵਾਜ਼ ਬੁਲੰਦ ਕਰਨਗੇ | ਉਨ੍ਹਾਂ ਕਿਹਾ ਕਿ ਮਨਰੇਗਾ ਯੋਜਨਾ ਕਾਂਗਰਸ ਪਾਰਟੀ ਦੀ ਦੇਣ ਹੈ ਅਤੇ ਇਸ ਨੂੰ ਕਮਜ਼ੋਰ ਕਰਨ ਦੀ ਹਰ ਕੋਸ਼ਿਸ਼ ਦਾ ਡੱਟ ਕੇ ਵਿਰੋਧ ਕੀਤਾ ਜਾਵੇਗਾ, ਉੱਥੇ ਹੀ ਕਿਸਾਨਾਂ ਨਾਲ ਵੀ ਕਾਂਗਰਸ ਪਾਰਟੀ ਚੱਟਾਨ ਵਾਂਗ ਖੜ੍ਹੀ ਹੈ | ਇਸ ਮੌਕੇ ਬਲਾਕ ਪ੍ਰਧਾਨ ਜਗਬੀਰ ਸਿੰਘ ਸਲਾਣਾ ਅਤੇ ਬਲਾਕ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਸੰਜੀਵ ਦੱਤਾ ਨੇ ਦੱਸਿਆ ਕਿ ਅਮਲੋਹ ਤੋਂ 10 ਬੱਸਾਂ ਅਤੇ ਕਰੀਬ 60 ਗੱਡੀਆਂ ਦਾ ਕਾਫ਼ਲਾ ਬਰਨਾਲਾ ਲਈ ਰਵਾਨਾ ਹੋਇਆ ਹੈ | ਇਸ ਮੌਕੇ ਸਾਬਕਾ ਮੰਤਰੀ ਨੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ | ਇਸ ਮੌਕੇ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ |