ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਰਣਧੀਰ ਸਿੰਘ ਰੱਖੜਾ ਨੂੰ ਪਾਰਟੀ ਦੀ 5 ਮੈਂਬਰੀ ਅਨੁਸ਼ਾਸਨੀ ਕਮੇਟੀ ਵਿਚ ਮੈਂਬਰ ਵਜੋਂ ਸ਼ਾਮਿਲ ਕੀਤੇ ਜਾਣ ਦਾ ਨਿੱਘਾ ਸਵਾਗਤ ਕਰਦਿਆਂ ਕੌਮੀ ਸੀਨੀਅਰ ਮੀਤ ਪ੍ਰਧਾਨ ਹਰਵੇਲ ਸਿੰਘ ਮਾਧੋਪੁਰ, ਕੇਵਲ ਸਿੰਘ ਕਦੋਂ ਮੀਤ ਪ੍ਰਧਾਨ, ਮੇਜਰ ਚਰਨ ਸਿੰਘ ਜਨਰਲ ਸਕੱਤਰ, ਦਰਸ਼ਨ ਸਿੰਘ ਅਨਾਇਤਪੁਰਾ ਮੈਂਬਰ ਵਰਕਿੰਗ ਕਮੇਟੀ, ਡਾ. ਮਨਜੀਤ ਸਿੰਘ, ਜਗਦੀਸ਼ ਰਾਣਾ, ਭਗਤ ਸਿੰਘ ਪੰਜਕੋਹਾ ਤੇ ਸੂਬੇਦਾਰ ਮੇਜਰ ਸਿੰਘ ਸਾਰੇ ਜਥੇਬੰਦਕ ਸਕੱਤਰਾਂ ਨੇ ਕਿਹਾ ਕਿ ਰਣਧੀਰ ਸਿੰਘ ਰੱਖੜਾ ਬਹੁਤ ਹੀ ਸੁਲਝੇ ਹੋਏ ਆਗੂ ਹਨ ਅਤੇ ਇਸ ਵੇਲੇ ਪਾਰਟੀ ਵਿਚ ਅਨੁਸ਼ਾਸਨ ਕਾਇਮ ਰੱਖਣ ਲਈ ਅਨੁਸ਼ਾਸਨੀ ਕਮੇਟੀ ਦੀ ਲੋੜ ਵੀ ਸੀ | ਸ. ਮਾਧੋਪੁਰ ਨੇ ਰਣਧੀਰ ਸਿੰਘ ਰੱਖੜਾ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਜਥੇਬੰਦੀ ਦੇ ਕੌਮੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਵੀ ਕੀਤਾ | ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਫ਼ੈਸਲੇ ਦੀ ਰੌਸ਼ਨੀ ਵਿਚ ਗਠਿਤ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜ਼ਮੀਨੀ ਪੱਧਰ 'ਤੇ ਮਜ਼ਬੂਤੀ ਵੱਲ ਵੱਧ ਰਿਹਾ ਹੈ, ਪਰ ਕੁੱਝ ਸੁਆਰਥੀ ਲੋਕ ਆਪਣੇ ਨਿੱਜੀ ਸੁਆਰਥਾਂ ਨੂੰ ਅੱਗੇ ਰੱਖ ਕੇ ਪਾਰਟੀ ਨਾਲ ਧੋਖਾ ਕਰ ਰਹੇ ਹਨ ਜਿਨ੍ਹਾਂ ਖ਼ਿਲਾਫ਼ 5 ਮੈਂਬਰੀ ਅਨੁਸ਼ਾਸਨੀ ਕਮੇਟੀ ਨੂੰ ਕਾਰਵਾਈ ਕਰਨ ਦਾ ਅਧਿਕਾਰ ਹੋਵੇਗਾ |