ਫ਼ਤਹਿਗੜ੍ਹ ਸਾਹਿਬ, 18 ਮਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜੀਤ ਸਿੰਘ ਭੁੱਟਾ ਨੇ ਆਗਾਮੀ 26 ਮਈ ਨੂੰ ਹੋਣ ਵਾਲੀਆਂ ਕੌਂਸਲ ਚੋਣਾਂ ਦੌਰਾਨ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਕੁਲ 23 ਵਾਰਡਾਂ ਤੋਂ ਪਾਰਟੀ ਵਲੋਂ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰਾਂ ਨਾਲ ਪਾਰਟੀ ਦਫ਼ਤਰ ਵਿਖੇ ਇਕ ਅਹਿਮ ਮੀਟਿੰਗ ਕੀਤੀ | ਉਨ੍ਹਾਂ ਪਾਰਟੀ ਉਮੀਦਵਾਰਾਂ ਨੂੰ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨਾਕਾਮੀਆਂ ਨੂੰ ਲੋਕਾਂ ਦੀ ਕਚਹਿਰੀ ਵਿਚ ਰੱਖਣ ਦੇ ਨਾਲ-ਨਾਲ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨਾਲ ਵੀ ਜੋੜਿਆ ਜਾਵੇ ਤਾਂ ਜੋ ਇਨ੍ਹਾਂ ਚੋਣਾਂ ਵਿਚ ਪਾਰਟੀ ਨੂੰ ਵੱਡੀ ਜਿੱਤ ਹਾਸਿਲ ਹੋ ਸਕੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਚੋਣਾਂ ਵਿਕਾਸ ਕਾਰਜਾਂ ਅਤੇ ਵਾਰਡ ਵਾਸੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕਰਨ ਦੇ ਮੁੱਦਿਆਂ 'ਤੇ ਲੜੀਆਂ ਜਾਣਗੀਆਂ, ਕਿਉਂਕਿ ਇਹ ਉਹ ਮੁੱਦੇ ਹਨ, ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਨੇ ਵਿਸਾਰ ਦਿੱਤਾ ਹੈ | ਭੁੱਟਾ ਨੇ ਕਿਹਾ ਕਿ ਸੂਬੇ ਦੇ ਲੋਕ ਇਨ੍ਹਾਂ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਜਿੱਤ ਦਿਵਾਉਣਗੇ | ਜਿਸ ਤੋਂ ਬਾਅਦ ਸਰਹਿੰਦ ਸ਼ਹਿਰ 'ਚ ਵਿਕਾਸ ਕਾਰਜਾਂ ਦੀ ਹਨੇਰੀ ਸ਼ੁਰੂ ਹੋਵੇਗੀ | ਇਸ ਮੌਕੇ ਨਿਰਮਲ ਕੁਮਾਰ ਬ੍ਰਾਹਮਣ ਮਾਜਰਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਲ੍ਹਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਗਿਆ | ਮੀਟਿੰਗ 'ਚ ਪਾਰਟੀ ਉਮੀਦਵਾਰਾਂ ਵਿਚ ਬਲਵਿੰਦਰ ਕੌਰ ਤਲਾਣੀਆਂ, ਹਰਜੀਤ ਕੌਰ, ਲਖਬੀਰ ਕੌਰ, ਕੁਲਵੀਰ ਸਿੰਘ ਸੋਨੀ, ਅਮਰਜੀਤ ਕੌਰ, ਜਸਵੀਰ ਕੌਰ, ਰਣਜੋਧ ਵੀਰ ਸਿੰਘ, ਪੰਕਜ ਸ਼ਰਮਾ, ਤੇਜਿੰਦਰ ਸਿੰਘ ਕੋਹਲੀ, ਤਰੁਨ ਕੁਮਾਰੀ, ਬਲਵਿੰਦਰ ਸਿੰਘ, ਮੋਤੀ ਲਾਲ, ਸਰਬਜੀਤ ਸਿੰਘ, ਨਿਰਮਲ ਕੌਰ, ਸਰਤਾਜ ਸਿੰਘ, ਜਸਵਿੰਦਰ ਕੌਰ, ਗੁਰਜਸਜੀਤ ਸਿੰਘ, ਸਤਵਿੰਦਰ ਕੌਰ, ਸੁਖਵਿੰਦਰ ਸਿੰਘ, ਹਰਵਿੰਦਰ ਕੌਰ ਖਾਲਸਾ, ਗੁਰਪ੍ਰੀਤ ਸਿੰਘ, ਬਬਲਪ੍ਰੀਤ ਕੌਰ ਤੋਂ ਇਲਾਵਾ ਚੋਣ ਇੰਚਾਰਜ ਹਰਵਿੰਦਰ ਸਿੰਘ ਬੱਬਲ ਵੀ ਹਾਜ਼ਰ ਸਨ |