ਫ਼ਤਹਿਗੜ੍ਹ ਸਾਹਿਬ, 19 ਮਈ (ਮਨਪ੍ਰੀਤ ਸਿੰਘ)-ਜ਼ਿਲਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਦੁਆਰਾ ਅੱਜ ਸਰਹਿੰਦ ਮੰਡੀ ਵਿਖੇ ਆਮ ਲੋਕਾਂ ਤੇ ਦੁਕਾਨਦਾਰਾਂ ਨਾਲ ਮੀਟਿੰਗ ਕਰ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਕੁਝ ਸਮੱਸਿਆਵਾਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਮੁਖੀ ਨੇ ਕਿਹਾ ਕਿ ਪੰਜਾਬ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਹਰ ਸਮੇਂ ਹਾਜ਼ਰ ਹੈ, ਜਿਸ ਦੁਆਰਾ ਲੋਕਾਂ ਨਾਲ ਰਾਬਤਾ ਕਾਇਮ ਕਰਕੇ ਉਨਾਂ ਨੂੰ ਭੈੜੇ ਅਨਸਰਾਂ ਤੋਂ ਸੁਚੇਤ ਕੀਤਾ ਜਾਂਦਾ ਰਹਿੰਦਾ ਹੈ ਤੇ ਉਨਾਂ ਦੀ ਇਤਲਾਹ ਹੈਲਪਲਾਇਨ ਨੰਬਰ ਜਾਂ ਸਬੰਧਿਤ ਥਾਣੇ 'ਚ ਦੇਣ ਲਈ ਸੂਚਿਤ ਕੀਤਾ ਜਾਂਦਾ ਹੈ ਤਾਂ ਜੋ ਪੁਲਿਸ ਸਮੇਂ ਤੋਂ ਪਹਿਲਾਂ ਭੈੜੇ ਅਨਸਰਾਂ ਨੂੰ ਨੱਥ ਪਾ ਸਕੇ | ਮੀਟਿੰਗ 'ਚ ਜ਼ਿਲਾ ਪੁਲਿਸ ਮੁਖੀ ਨੇ ਸੋਨੇ ਦਾ ਕਾਰੋਬਾਰ ਕਰਨ ਵਾਲੇ ਜਵੈਲਰਾਂ, ਦੁਕਾਨਦਾਰਾਂ, ਸਬਜ਼ੀ ਵਿਕੇ੍ਰਤਾਵਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨਾਂ ਦਾ ਜਲਦੀ ਹੱਲ ਕਰਾਉਣ ਦਾ ਭਰੋਸਾ ਦਿਵਾਇਆ | ਉਨਾਂ ਕਿਹਾ ਕਿ ਦੁਕਾਨਦਾਰ ਸੀ.ਸੀ.ਟੀ.ਵੀ ਕੈਮਰਿਆਂ ਦੀ ਵਰਤੋਂ ਕਰਨ ਤੇ ਰਾਤ ਸਮੇਂ ਚੌਕੀਦਾਰਾਂ ਨੂੰ ਸੁਚੇਤ ਰਹਿਣ ਤੇ ਪੁਲਿਸ ਸੰਪਰਕ ਨੰਬਰ ਦੇਣ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਨੂੰ ਹੋਣ ਤੋਂ ਰੋਕਿਆ ਜਾ ਸਕੇ | ਨਗਰ ਕੌਂਸਲ ਚੋਣਾਂ ਸਬੰਧੀ ਗੱਲ ਕਰਦਿਆਂ ਉਨਾਂ ਕਿਹਾ ਕਿ ਪੁਲਿਸ ਨਗਰ ਕੌਂਸਲ ਚੋਣਾਂ ਨੂੰ ਪੂਰੀ ਤਰਾਂ ਅਮਨ ਅਮਾਨ ਨਾਲ ਨੇਪਰੇ ਚਾੜਨ ਲਈ ਵਚਨਬੱਧ ਹੈ, ਜਿਸ ਸਬੰਧੀ ਪੁਲਿਸ ਦੁਆਰਾ ਲਗਾਤਾਰ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਕੁਝ ਦਿਨਾਂ 'ਚ ਸ਼ਹਿਰ 'ਚ ਫਲੈਗ ਮਾਰਚ ਵੀ ਕੱਢਿਆ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਪੀ.(ਐਚ) ਹਰਵੰਤ ਕੌਰ, ਡੀ.ਐਸ.ਪੀ ਕੁਲਵੀਰ ਸਿੰਘ, ਐਸ.ਐਚ.ਓ ਫ਼ਤਹਿਗੜ੍ਹ ਸਾਹਿਬ ਅਸ਼ੋਕ ਕੁਮਾਰ, ਐਸ.ਐਚ.ਓ ਸਰਹਿੰਦ ਰਾਜਵੰਤ ਸਿੰਘ, ਚੌਕੀ ਇੰਚਾਰਜ ਜਗਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ |