ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ, ਮਨਪ੍ਰੀਤ ਸਿੰਘ)-ਕੇਂਦਰ ਸਰਕਾਰ ਵਲੋਂ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਲਗਾਤਾਰ ਵਾਧੇ ਖ਼ਿਲਾਫ਼ ਦੇਸ਼ ਭਰ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ | ਇਸੇ ਲੜੀ ਤਹਿਤ ਅੱਜ ਭੱਟ ਮਾਜਰਾ ਵਿਖੇ ਸਥਿਤ ਟਰੱਕ ਯੂਨੀਅਨ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਦੇ ਵਿਰੋਧ ਵਿਚ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਹ ਭਰਿਆ ਪ੍ਰਦਰਸ਼ਨ ਕੀਤਾ ਗਿਆ | ਪ੍ਰਦਰਸ਼ਨ ਦੌਰਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਟ੍ਰਾਂਸਪੋਰਟਰਾਂ, ਟਰੱਕ ਚਾਲਕਾਂ ਅਤੇ ਸਥਾਨਕ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਥਿਤ ਲੋਕ-ਮਾਰੂ ਅਤੇ ਆਰਥਿਕ ਨੀਤੀਆਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਤੁਰੰਤ ਵਧੀਆਂ ਕੀਮਤਾਂ ਵਾਪਸ ਲੈਣ ਦੀ ਮੰਗ ਕੀਤੀ | ਇਸ ਮੌਕੇ ਟਰੱਕ ਯੂਨੀਅਨ ਦੇ ਪ੍ਰਧਾਨ ਮਹਿੰਦਰ ਸਿੰਘ ਤੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸ਼ਰਮਾ ਨੇ ਸਾਂਝੇ ਤੌਰ 'ਤੇ ਕਿਹਾ ਕਿ ਮੰਗਲਵਾਰ ਨੂੰ ਪੈਟਰੋਲ ਦੀ ਕੀਮਤ ਵਿਚ 86 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਵਿਚ 83 ਪੈਸੇ ਪ੍ਰਤੀ ਲੀਟਰ ਦਾ ਤਾਜ਼ਾ ਵਾਧਾ ਕਰਕੇ ਜਨਤਾ ਦੀ ਜੇਬ 'ਤੇ ਮੁੜ ਡਾਕਾ ਮਾਰਿਆ ਗਿਆ ਹੈ | ਆਗੂਆਂ ਨੇ ਯਾਦ ਦਿਵਾਇਆ ਕਿ ਇਹ ਕੋਈ ਪਹਿਲਾ ਵਾਧਾ ਨਹੀਂ ਹੈ, ਬਲਕਿ ਕੇਂਦਰ ਸਰਕਾਰ ਨੇ ਅਜੇ ਪਿਛਲੇ ਹਫ਼ਤੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਸਿੱਧਾ ਤਿੰਨ ਰੁਪਏ ਪ੍ਰਤੀ ਲੀਟਰ ਦਾ ਭਾਰੀ ਵਾਧਾ ਕੀਤਾ ਸੀ, ਜਿਸ ਤੋਂ ਲੋਕ ਅਜੇ ਸੰਭਲੇ ਵੀ ਨਹੀਂ ਸਨ ਕਿ ਹੁਣ ਮੁੜ ਇਹ ਨਵਾਂ ਬੋਝ ਲੱਦ ਦਿੱਤਾ ਗਿਆ ਹੈ | ਦੋਸ਼ ਲਗਾਇਆ ਕਿ ਇਨਾਂ ਵੱਧ ਰਹੀਆਂ ਕੀਮਤਾਂ ਨੇ ਆਮ ਜਨਤਾ ਸਮੇਤ ਖ਼ਾਸ ਕਰਕੇ ਟ੍ਰਾਂਸਪੋਰਟ ਜਗਤ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ | ਪਹਿਲਾਂ ਹੀ ਮੰਦਹਾਲੀ ਦੇ ਦੌਰ 'ਚੋਂ ਲੰਘ ਰਿਹਾ ਟ੍ਰਾਂਸਪੋਰਟ ਦਾ ਕਾਰੋਬਾਰ ਹੁਣ ਪੂਰੀ ਤਰਾਂ ਤਬਾਹ ਹੋਣ ਦੀ ਕਗਾਰ 'ਤੇ ਪਹੁੰਚ ਗਿਆ ਹੈ, ਕਿਉਂਕਿ ਗੱਡੀਆਂ ਦੇ ਖ਼ਰਚੇ ਲਗਾਤਾਰ ਵੱਧ ਰਹੇ ਹਨ, ਪਰ ਉਸ ਮੁਕਾਬਲੇ ਭਾੜੇ ਨਹੀਂ ਮਿਲ ਰਹੇ | ਉਨਾਂ ਆਖਿਆ ਕਿ ਮੌਜੂਦਾ ਸਰਕਾਰ ਦੇ ਵਤੀਰੇ ਤੋਂ ਅਜਿਹਾ ਪ੍ਰਤੀਤ ਹੁੰਦਾ ਹੈ ਜਿਵੇਂ ਕੇਂਦਰ ਸਰਕਾਰ ਦੇਸ਼ 'ਚੋਂ ਟ੍ਰਾਂਸਪੋਰਟ ਦਾ ਕੰਮ ਮੁਕੰਮਲ ਤੌਰ 'ਤੇ ਬੰਦ ਕਰਨ ਅਤੇ ਛੋਟੇ ਕਾਰੋਬਾਰੀਆਂ ਨੂੰ ਰੋਲਣ 'ਤੇ ਤੁਲੀ ਹੋਈ ਹੈ | ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹ ਵਾਧਾ ਤੁਰੰਤ ਵਾਪਸ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਖ਼ੁਦ ਸਰਕਾਰ ਦੀ ਹੋਵੇਗੀ |