31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਮਜ਼ਦੂਰਾਂ ਦੀ ਆਰਥਿਕ ਲੁੱਟ ਖ਼ਿਲਾਫ਼ ਕਿਸਾਨ ਮਜ਼ਦੂਰ ਐਸੋਸੀਏਸ਼ਨ ਨੇ ਡੀ.ਸੀ. ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

ਅਜੀਤ ਡੈਸਕ 20-05-2026
ਫ਼ਤਹਿਗੜ੍ਹ ਸਾਹਿਬ, 19 ਮਈ (ਬਲਜਿੰਦਰ ਸਿੰਘ)-ਕਿਸਾਨ ਮਜ਼ਦੂਰ ਐਸੋਸੀਏਸ਼ਨ ਪੰਜਾਬ ਦੇ ਬੈਨਰ ਹੇਠ ਸੂਬਾ ਪ੍ਰਧਾਨ ਕੁਲਦੀਪ ਸਿੰਘ ਨੀਟੂ ਕੋਟ ਧਰਮੂ ਦੀ ਅਗਵਾਈ ਹੇਠ ਅੱਜ ਸੈਂਕੜੇ ਭੱਠਾ ਮਜ਼ਦੂਰਾਂ ਵਲੋਂ ਡਿਪਟੀ ਕਮਿਸ਼ਨਰ ਦਫ਼ਤਰ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਤੋਂ ਪਹਿਲਾਂ ਮਜ਼ਦੂਰਾਂ ਨੇ ਟਰੈਕਟਰ ਟਰਾਲੀਆਂ ਰਾਹੀਂ ਸ਼ਹਿਰ ਅੰਦਰ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲਾ ਸੰਗਰੂਰ ਪ੍ਰਧਾਨ ਦਿਲਵਰ ਖਾਂ ਨੇ ਕਿਹਾ ਕਿ ਭੱਠਾ ਮਜ਼ਦੂਰਾਂ, ਖ਼ਾਸ ਕਰਕੇ ਕੱਚੀ ਭਰਾਈ ਮਜ਼ਦੂਰਾਂ ਦੀ ਵੱਡੇ ਪੱਧਰ 'ਤੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ | ਉਨਾਂ ਦੱਸਿਆ ਕਿ ਕਿਰਤ ਕਮਿਸ਼ਨਰ ਵਲੋਂ ਜਾਰੀ ਉਜਰਤ ਸੂਚੀ ਅਨੁਸਾਰ ਭਰਾਈ ਮਜ਼ਦੂਰਾਂ ਦੀ ਉਜਰਤ 312.42 ਰੁਪਏ ਪ੍ਰਤੀ ਇਕ ਹਜ਼ਾਰ ਇੱਟ ਤਹਿ ਕੀਤੀ ਗਈ ਹੈ, ਪਰ ਭੱਠਾ ਮਾਲਕ ਮਜ਼ਦੂਰਾਂ ਨੂੰ ਸਿਰਫ਼ 220 ਤੋਂ 230 ਰੁਪਏ ਤੱਕ ਹੀ ਅਦਾਇਗੀ ਕਰ ਰਹੇ ਹਨ, ਜੋ ਕਿ ਮਿਨੀਮਮ ਵੇਜ ਐਕਟ 1948 ਦੀ ਸਿੱਧੀ ਉਲੰਘਣਾ ਹੈ | ਉਨਾਂ ਕਿਹਾ ਕਿ ਆਮ ਲੋਕਾਂ ਨੂੰ ਛੋਟੇ-ਮੋਟੇ ਕਾਨੂੰਨੀ ਉਲੰਘਣਾ ਲਈ ਜੁਰਮਾਨਿਆਂ ਅਤੇ ਕਾਰਵਾਈ ਦਾ ਡਰ ਦਿਖਾਇਆ ਜਾਂਦਾ ਹੈ, ਪਰ ਜਦੋਂ ਇਹੀ ਕਾਨੂੰਨ ਸਰਮਾਏਦਾਰਾਂ ਅਤੇ ਰਸੂਖਦਾਰਾਂ ਵਲੋਂ ਤੋੜੇ ਜਾਂਦੇ ਹਨ ਤਾਂ ਕਾਨੂੰਨ ਦੇ ਰਖਵਾਲੇ ਹੀ, ਉਨਾਂ ਦੀ ਪੁਸ਼ਤ ਪਨਾਹੀ ਕਰਦੇ ਨਜ਼ਰ ਆਉਂਦੇ ਹਨ | ਜਿਸ ਕਰਕੇ ਮਜ਼ਦੂਰ ਵਰਗ ਵਿਚ ਸਰਕਾਰ ਤੇ ਪ੍ਰਸ਼ਾਸਨ ਪ੍ਰਤੀ ਰੋਸ ਵੱਧਦਾ ਹੈ | ਇਸ ਉਪਰੰਤ ਪ੍ਰਦਰਸ਼ਨਕਾਰੀਆਂ ਵਲੋਂ ਤਹਿਸੀਲਦਾਰ ਨੂੰ ਮੰਗ ਪੱਤਰ ਸੌਂਪਿਆ ਗਿਆ | ਜਿਸ ਮਗਰੋਂ ਤਹਿਸੀਲਦਾਰ ਨੇ ਧਰਨਾਕਾਰੀਆਂ ਵਿਚ ਪਹੁੰਚ ਕੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਕੁਝ ਦਿਨਾਂ ਵਿਚ ਭੱਠਾ ਮਾਲਕਾਂ ਨਾਲ ਮੀਟਿੰਗ ਕਰਕੇ ਮਸਲੇ ਦਾ ਸਾਰਥਕ ਹੱਲ ਕੱਢਿਆ ਜਾਵੇਗਾ | ਪ੍ਰਸ਼ਾਸਨ ਵਲੋਂ ਭਰੋਸਾ ਦਿੱਤੇ ਜਾਣ ਮਗਰੋਂ ਜਥੇਬੰਦੀ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ | ਇਸ ਮੌਕੇ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਂਦੇ ਦਿਨਾਂ ਵਿਚ ਮਜ਼ਦੂਰਾਂ ਨੂੰ ਉਨਾਂ ਦੇ ਕਾਨੂੰਨਨ ਹੱਕ ਨਾ ਮਿਲੇ ਤਾਂ ਜਥੇਬੰਦੀ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਉਣ ਲਈ ਮਜਬੂਰ ਹੋਵੇਗੀ | ਇਸ ਮੌਕੇ ਬੂਟਾ ਖਾਂ, ਸਰਾਜ ਖਾਂ, ਦਿਲਵਰ ਖਾਂ ਸੌਂਟੀ, ਮੇਜਰ ਖਾਂ, ਮੇਜਰ ਸਿੰਘ, ਬਿੰਦਰ ਖਾਂ, ਨਾਇਬੀ ਖਾਂ, ਬਸੀਰ ਖਾਂ, ਗੁਰਦਾਸ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਟਰਾਂਸਪੋਰਟਰਾਂ ਤੇ ਟਰੱਕ ਚਾਲਕਾਂ ਨੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦੇ ਵਾਧੇ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਕੀਤਾ... ਅਗਲੀ ਖ਼ਬਰ ਵੇਰਕਾ ਮਿਲਕ ਪਲਾਂਟ ਨੇ ਦੁਧਾਰੂ ਪਸ਼ੂਆਂ ਦੀ ਕੁਦਰਤੀ ਮੌਤ ਦੇ ਮੁਆਵਜ਼ੇ ਵਜੋਂ 2 ਲੱਖ 10 ਹਜ਼ਾਰ ਰੁਪਏ ਦੇ ਚੈੱਕ ਪਸ਼ੂ ਪਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।