ਫ਼ਤਹਿਗੜ੍ਹ ਸਾਹਿਬ, 3 ਜੂਨ (ਮਨਪ੍ਰੀਤ ਸਿੰਘ)-ਤੜਕਸਾਰ ਨਜ਼ਦੀਕੀ ਪਿੰਡ ਮਲਕੋ ਮਾਜਰਾ ਵਿਖੇ ਵਾਪਰੇ ਇਕ ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਅਤੇ ਦੋ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਹੈ | ਥਾਣਾ ਸਰਹਿੰਦ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕੁਲਜੀਤ ਸਿੰਘ ਪੁੱਤਰ ਕੇਵਲ ਸਿੰਘ ਬਾਸੀ ਪਿੰਡ ਜੱਲਾ ਨੇ ਪੁਲਿਸ ਨੂੰ ਬਿਆਨ ਦਰਜ ਕਰਵਾਏ ਹਨ ਕਿ ਉਹ ਮਾਰਕਫੈਡ ਖੰਨਾ ਵਿਖੇ ਪ੍ਰਾਈਵੇਟ ਕੰਮ ਕਰਦਾ ਹੈ ਤੇ ਉਹ ਦੋ ਭਰਾ ਹਨ, ਤੇ ਉਸ ਦਾ ਵੱਡਾ ਭਰਾ ਪਰਦੀਪ ਸਿੰਘ ਮੇਰੇ ਪਿਤਾ ਕੇਵਲ ਸਿੰਘ ਨੂੰ ਆਪਣੇ ਮੋਟਰਸਾਈਕਲ ਤੇ ਵਿਸ਼ਵਾਨਾਥ ਮਿਲ ਪਿੰਡ ਅਜਨਾਲੀ ਵਿਖੇ ਰੋਜ਼ਾਨਾ ਦੀ ਤਰਾਂ ਛੱਡਣ ਲਈ ਅੱਜ ਤੜਕਸਾਰ ਜਾ ਰਿਹਾ ਸੀ ਤੇ ਮੈਂ ਵੀ ਆਪਣੇ ਮੋਟਰਸਾਈਕਲ ਪਿੱਛੇ ਆਰਾਮ ਨਾਲ ਚੱਲ ਰਿਹਾ ਸੀ ਤਾਂ ਅਚਾਨਕ ਭਾਦਸੋਂ ਰੋਡ, ਮਲਕੋਮਾਜਰਾ ਨਜ਼ਦੀਕ ਇਕ ਸਵਿਫ਼ਟ ਕਾਰ ਬਹੁਤ ਤੇਜ਼ੀ ਨਾਲ ਮੇਰੇ ਭਰਾ ਦੇ ਮੋਟਰਸਾਈਕਲ ਨੰ. ਪੀ.ਬੀ 34 ਵੀ 2488 ਨਾਲ ਜਾ ਟਕਰਾਈ | ਜਿਸ ਦੌਰਾਨ ਇਕ ਸਾਈਕਲ ਸਵਾਰ ਵੀ ਕਾਰ ਦੀ ਲਪੇਟ ਵਿਚ ਆ ਗਿਆ | ਕਾਰ ਦੀ ਟੱਕਰ ਬਹੁਤ ਜ਼ੋਰਦਾਰ ਸੀ, ਜਿਸ ਨਾਲ ਮੇਰੇ ਪਿਤਾ ਅਤੇ ਮੇਰਾ ਭਾਈ ਪ੍ਰਦੀਪ ਸਿੰਘ ਦੂਰ ਜਾ ਡਿੱਗੇ, ਮੈਂ ਮੋਟਰਸਾਈਕਲ ਰੋਕ ਮੇਰੇ ਭਾਈ ਤੇ ਪਿਤਾ ਨੂੰ ਵੇਖਿਆ ਤਾਂ ਉਨਾਂ ਦੋਵਾਂ ਦੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਸਨ, ਸਾਈਕਲ ਸਵਾਰ ਵੀ ਜ਼ਖਮੀ ਪਿਆ ਸੀ, ਜਿਨਾਂ ਨੂੰ ਮੈਂ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚਾਇਆ ਜਿੱਥੇ ਕਿ ਡਾਕਟਰਾਂ ਦੁਆਰਾ ਪਿਤਾ ਕੇਵਲ ਸਿੰਘ ਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ ਗਿਆ ਤੇ ਭਰਾ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਉਸ ਨੂੰ ਪੀ.ਜੀ.ਆਈ. ਚੰਡੀਗੜ ਵਿਖੇ ਰੈਫ਼ਰ ਕਰ ਦਿੱਤਾ ਗਿਆ | ਪੁਲਿਸ ਨੂੰ ਸਾਈਕਲ ਸਵਾਰ ਵਿਅਕਤੀ ਦੀ ਪਛਾਣ ਮੁਖ਼ਤਿਆਰ ਸਿੰਘ ਪਿੰਡ ਮਲਕੋਮਾਜਰਾ ਵਜੋਂ ਹੋਈ ਹੈ, ਜਦ ਕਿ ਕਾਰ ਸਵਾਰ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਦੁਆਰਾ ਸਵਿਫ਼ਟ ਕਾਰ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ |