ਫ਼ਤਹਿਗੜ੍ਹ ਸਾਹਿਬ, 3 ਜੂਨ (ਮਨਪ੍ਰੀਤ ਸਿੰਘ)-ਸੀਨੀਅਰ ਸਿਟੀਜ਼ਨ ਸਾਡੇ ਸਮਾਜ ਦਾ ਅਨਮੋਲ ਖ਼ਜ਼ਾਨਾ ਹਨ, ਇਨ੍ਹਾਂ ਦੀ ਸੰਭਾਲ ਕਰਨਾ ਸਾਡਾ ਫ਼ਰਜ਼ ਹੈ | ਇਸ ਲਈ ਸੀਨੀਅਰ ਸਿਟੀਜਨਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਜ਼ੁਰਗ ਨਾਗਰਿਕਾਂ ਦੀ ਦੇਖ-ਭਾਲ ਅਤੇ ਭਲਾਈ ਲਈ ਬਣਾਈ ਗਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੀਨੀਅਰ ਸਿਟੀਜ਼ਨਾਂ ਦੀ ਭਲਾਈ ਲਈ ਪੈਨਸ਼ਨ ਸਕੀਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਸਾਡੇ ਬਜ਼ੁਰਗ ਆਪਣਾ ਜੀਵਨ ਨਿਰਵਾਹ ਚੰਗੇ ਤਰੀਕੇ ਨਾਲ ਕਰ ਸਕਣ | ਡੀ.ਸੀ ਨੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਨੂੰ ਹਦਾਇਤ ਕੀਤੀ ਕਿ ਬੈਂਕਾਂ ਵਿਚ ਆਪਣੇ ਕੰਮ ਕਾਰ ਕਰਵਾਉਣ ਲਈ ਜਾਣ ਵਾਲੇ ਬਜ਼ੁਰਗਾਂ ਦੇ ਕੰਮ ਤਰਜੀਹੀ ਆਧਾਰ 'ਤੇ ਕਰਨ ਨੂੰ ਯਕੀਨੀ ਬਣਾਇਆ ਜਾਵੇ | ਉਨ੍ਹਾਂ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਨ੍ਹਾਂ ਦੇ ਖੇਤਰ ਵਿਚ ਪੈਂਦੇ ਸੀਨੀਅਰ ਸਿਟੀਜ਼ਨ ਹੋਮਜ਼ ਦੀ ਲਗਾਤਾਰ ਸਾਫ਼-ਸਫ਼ਾਈ ਕਰਵਾਈ ਜਾਵੇ ਤਾਂ ਜੋ ਬਜ਼ੁਰਗਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਕਿਹਾ ਕਿ ਉਹ ਸਕੂਲਾਂ ਵਿਚ ਸਵੇਰ ਦੀ ਸਭਾ ਮੌਕੇ ਬੱਚਿਆਂ ਨੂੰ ਬਜ਼ੁਰਗਾਂ ਦਾ ਮਾਨ ਸਤਿਕਾਰ ਕਰਨ ਸਬੰਧੀ ਪ੍ਰੇਰਿਤ ਕਰਨ | ਮੀਟਿੰਗ ਵਿਚ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ, ਡੀ.ਐਸ.ਪੀ. ਹਰਤੇਸ਼ ਕੌਸ਼ਿਕ, ਸਹਾਇਕ ਸਿਵਲ ਸਰਜਨ ਡਾ. ਕੇ.ਡੀ. ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਰਵਿੰਦਰ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ |