ਖਮਾਣੋਂ, 3 ਜੂਨ (ਜੋਗਿੰਦਰ ਪਾਲ)-ਡਾ. ਨਰੇਸ਼ ਚੌਹਾਨ ਸਾਬਕਾ ਐਸ.ਐਮ.ਓ. ਤੇ ਕਾਂਗਰਸੀ ਆਗੂ ਨੇ ਮੈਡੀਕਲ ਦੀ ਨੀਟ ਦੀ ਪ੍ਰੀਖਿਆ ਲੀਕ ਹੋਣ 'ਤੇ ਭਾਜਪਾ ਸਰਕਾਰ ਦੀ ਕਰੜੀ ਆਲੋਚਨਾ ਕੀਤੀ | ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਵਿਚ ਸਾਲ 2016 ਤੋਂ ਹੁਣ ਤੱਕ ਪੰਜ ਵਾਰੀ ਪੇਪਰ ਲੀਕ ਹੋਇਆ ਹੈ | ਨੀਟ 2026 ਵਿਚ ਲਗਪਗ 22 ਲੱਖ ਵਿਦਿਆਰਥੀ ਨੇ ਪੇਪਰ ਦਿੱਤਾ ਸੀ ਅਤੇ ਹਰ ਵਾਰੀ ਪੇਪਰ ਲੀਕ ਹੋਣ 'ਤੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਮਨੋਬਲ ਡਿੱਗਿਆ ਹੈ | ਉਨ੍ਹਾਂ ਕਿਹਾ ਕਿ ਡਾਕਟਰ ਬਣਨ ਵਾਸਤੇ ਨੀਟ ਦਾ ਪੇਪਰ ਹੁੰਦਾ ਹੈ ਅਤੇ ਉਸ ਤੋਂ ਬਾਅਦ ਮੈਰਿਟ 'ਤੇ ਮੈਡੀਕਲ ਕਾਲਜਾਂ ਵਿਚ ਐਡਮਿਸ਼ਨ ਹੁੰਦੀ ਹੈ, ਪਰ ਪੇਪਰ ਲੀਕ ਹੋਣ ਨਾਲ ਵਿਦਿਆਰਥੀ ਦਾ ਆਤਮ ਵਿਸ਼ਵਾਸ ਖ਼ਤਮ ਹੋ ਜਾਂਦਾ ਹੈ ਅਤੇ ਕਈ ਵਾਰੀ ਦਿਮਾਗ਼ੀ ਤੌਰ 'ਤੇ ਵੀ ਵਿਦਿਆਰਥੀਆਂ 'ਤੇ ਇਸ ਦਾ ਅਸਰ ਪੈਂਦਾ ਹੈ | ਦਸਵੀਂ ਤੋਂ ਬਾਅਦ ਵਿਦਿਆਰਥੀ ਨੂੰ 2 ਸਾਲ ਪ੍ਰਾਈਵੇਟ ਕੋਚਿੰਗ ਲੈਣੀ ਪੈਂਦੀ ਹੈ, ਜਿਸ ਵਿਚ 4 ਲੱਖ ਰੁਪਏ ਖ਼ਰਚ ਹੋ ਜਾਂਦਾ ਹੈ ਅਤੇ ਗ਼ਰੀਬ ਪਰਿਵਾਰਾਂ ਦੇ ਬੱਚੇ ਮਾਂ-ਬਾਪ ਦੁਆਰਾ ਲਏ ਗਏ ਕਰਜ਼ ਨਾਲ ਪੜ੍ਹਦੇ ਹਨ | ਪੇਪਰ ਲੀਕ ਨਾਲ ਚੰਗੇ ਵਿਦਿਆਰਥੀ ਪਿੱਛੇ ਰਹਿ ਜਾਂਦੇ ਹਨ ਅਤੇ ਅਮੀਰ ਅਤੇ ਸ਼ਰਾਰਤੀ ਲੋਕ ਉਨ੍ਹਾਂ ਦਾ ਹੱਕ ਮਾਰ ਲੈਂਦੇ ਹਨ | ਡਾ. ਨਰੇਸ਼ ਚੌਹਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੇਪਰ ਲੀਕ ਕਰਨ ਵਾਲੇ ਲੋਕਾਂ ਨੂੰ ਫੜਨ 'ਚ ਨਾ ਕਾਮਯਾਬ ਰਹੀ ਹੈ, ਕਿਉਂਕਿ ਅਮੀਰ ਲੋਕੀ ਜੋ ਕਿ ਭਾਜਪਾ ਵਿਚ ਪਹੁੰਚ ਰੱਖਦੇ ਹਨ, ਉਨ੍ਹਾਂ 'ਤੇ ਨੱਥ ਨਹੀਂ ਪਾਈ ਜਾਂਦੀ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਉਂਝ ਤਾਂ ਵਿਸ਼ਵ ਗੁਰੂ ਬਣਨ ਦਾ ਸੁਪਨਾ ਦੇਖਦੀ ਹੈ, ਪਰ ਦੇਸ਼ ਵਿਚ ਇਕ ਸਾਫ਼ ਸੁਥਰੀ ਪ੍ਰੀਖਿਆ ਨਹੀਂ ਕਰਾ ਸਕਦੀ | ਡਾ. ਚੌਹਾਨ ਨੇ ਕਿਹਾ ਕਿ ਨੈਸ਼ਨਲ ਟੈਸਟਿੰਗ ਏਜੰਸੀ, ਜੋ ਕਿ ਇਹ ਪ੍ਰੀਖਿਆਵਾਂ ਲੈਂਦੀ ਹੈ, ਉਸ ਨੇ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾਈ, ਇਸ ਕਰਕੇ ਕੇਂਦਰ ਦੇ ਸਿੱਖਿਆ ਮੰਤਰੀ ਨੂੰ ਆਪਣਾ ਅਸਤੀਫ਼ਾ ਦੇਣਾ ਚਾਹੀਦਾ ਹੈ |