19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਐਸ.ਕੇ.ਐਮ. ਦੇ ਬੈਨਰ ਹੇਠ ਭਾਕਿਯੂ ਏਕਤਾ ਸਿੱਧੂਪੁਰ ਨੇ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਕੀਤਾ ਰੋਹ ਭਰਿਆ ਵਿਖਾਵਾ

ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੰਗ ਪੱਤਰ ਸੌਂਪਦੇ ਹੋਏ ਕਿਸਾਨ ਆਗੂ | ਤਸਵੀਰ : ਕਰਨ <br/> ਐਸ.ਕੇ.ਐਮ ਦੇ ਬੈਨਰ ਹੇਠ ਭਾਕਿਯੂ ਏਕਤਾ ਸਿੱਧੂਪੁਰ ਦੀ ਅਗਵਾਈ ਹੇਠ ਕਿਸਾਨ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜ ਕੇ ਰੋਹ ਭਰਿਆ ਵਿਖਾਵਾ ਕਰਦੇ ਹੋਏ | ਤਸਵੀਰ : ਕਰਨ <br/> 05-06-2026
ਫ਼ਤਹਿਗੜ੍ਹ ਸਾਹਿਬ, 4 ਜੂਨ (ਬਲਜਿੰਦਰ ਸਿੰਘ)-ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਬੈਨਰ ਹੇਠ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ ਦੇ ਵਿਰੋਧ ਵਿਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਤਹਿਗੜ੍ਹ ਸਾਹਿਬ ਦੇ ਬਾਹਰ ਜ਼ੋਰਦਾਰ ਰੋਹ ਭਰਿਆ ਵਿਖਾਵਾ ਕੀਤਾ ਗਿਆ | ਜਿਸ ਦੌਰਾਨ ਪ੍ਰਦਰਸ਼ਨਕਾਰੀਆਂ ਕਿਸਾਨਾਂ ਵਲੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਸਾੜਨ ਉਪਰੰਤ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ | ਪ੍ਰਦਰਸ਼ਨਕਾਰੀ ਕਿਸਾਨਾਂ ਨੇ ਮੰਗ ਕੀਤੀ ਕਿ ਕਿਸਾਨਾਂ ਦੇ ਹਿਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤੇ 'ਚੋਂ ਖੇਤੀਬਾੜੀ ਡੇਅਰੀ ਅਤੇ ਪੋਲਟਰੀ ਸੈਕਟਰ ਨੂੰ ਬਾਹਰ ਰੱਖਿਆ ਜਾਵੇ ਅਤੇ ਬਾਹਰਲੇ ਦੇਸ਼ਾਂ ਤੋਂ ਆਉਣ ਵਾਲੀਆਂ ਵਸਤੂਆਂ ਉੱਪਰ ਆਯਾਤ ਡਿਊਟੀ ਲਗਾਈ ਜਾਵੇ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਕਿਯੂ ਏਕਤਾ ਸਿੱਧੂਪੁਰ ਦੇ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਜਿਵੇਂ ਮੁਗ਼ਲ ਸ਼ਾਸਕਾਂ ਸਮੇਂ ਈਸਟ ਇੰਡੀਆ ਕੰਪਨੀ ਵਲੋਂ ਭਾਰਤ ਅੰਦਰ ਉਸ ਸਮੇਂ ਸਿਰਫ਼ ਵਪਾਰ ਕਰਨ ਲਈ ਇਜਾਜ਼ਤ ਲੈ ਕੇ ਪੂਰੇ ਦੇਸ਼ ਨੂੰ ਗ਼ੁਲਾਮ ਕੀਤਾ ਗਿਆ ਸੀ ਅਤੇ ਈਸਟ ਇੰਡੀਆ ਕੰਪਨੀ ਦੀ ਉਸ ਗ਼ੁਲਾਮੀ ਤੋਂ ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਲੱਖਾਂ ਮਰਜੀਵੜਿਆਂ ਨੂੰ ਆਪਣੀਆਂ ਸ਼ਹਾਦਤਾਂ ਦੇਣੀਆਂ ਪਈਆਂ ਸਨ, ਅੱਜ ਫੇਰ ਤੋਂ ਉਸੇ ਰਸਤੇ 'ਤੇ ਭਾਜਪਾ ਦੀ ਸਰਕਾਰ ਵਲੋਂ ਦੇਸ਼ ਨੂੰ ਤੋਰਨ ਲਈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਗੇ ਗੋਡੇ ਟੇਕ ਕੇ ਡੋਨਾਲਡ ਟਰੰਪ ਦੇ ਹਰੇਕ ਹੁਕਮ ਨੂੰ ਮੰਨਿਆ ਜਾ ਰਿਹਾ ਹੈ | ਜਿਸ ਤੋਂ ਇਹ ਸੰਕੇਤ ਮਿਲ ਰਿਹਾ ਹੈ ਕਿ 140 ਕਰੋੜ ਤੋਂ ਵੱਧ ਆਬਾਦੀ ਵਾਲੇ ਭਾਰਤ ਦੇਸ਼ ਉੱਪਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਸ਼ਾਸਨ ਨਹੀਂ, ਸਗੋਂ ਅਮਰੀਕਾ ਦੇ ਰਾਸ਼ਟਰਪਤੀ ਵਲੋਂ ਹੀ ਭਾਰਤ 'ਤੇ ਆਪਣੇ ਹੁਕਮ ਲਾਗੂ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਆਪਣੇ ਦੇਸ਼ ਦੇ ਲੋਕਾਂ ਦੇ ਹੱਕ ਵਿਚ ਖੜਨ ਦੀ ਬਜਾਏ ਭਾਰਤੀ ਲੋਕਾਂ ਦਾ ਜ਼ਿੰਦਗੀ ਜਿਊਣ ਦਾ ਹੱਕ ਅਮਰੀਕਾ ਕੋਲ ਗਿਰਵੀ ਰੱਖ ਕੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤਾ ਕੀਤਾ ਹੈ ਜਿਸ ਨੂੰ ਅੰਤਿਮ ਰੂਪ ਦੇਣ ਲਈ ਹੀ ਅਮਰੀਕਾ ਦਾ ਇੱਕ ਉੱਚ ਪੱਧਰੀ ਵਫ਼ਦ ਭਾਰਤ ਆ ਰਿਹਾ ਹੈ | ਜ਼ਿਲ੍ਹਾ ਜਨਰਲ ਸਕੱਤਰ ਗੁਰਜੀਤ ਸਿੰਘ ਨੇ ਕਿਹਾ ਕਿ ਕਿਸਾਨੀ ਦੀਆਂ ਹੱਕੀ ਮੰਗਾਂ ਐਮ.ਐਸ.ਪੀ ਦਾ ਗਾਰੰਟੀ ਕਾਨੂੰਨ, ਡਾ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਫ਼ਾਰਮੂਲੇ ਮੁਤਾਬਿਕ ਫ਼ਸਲਾਂ ਦੇ ਭਾਅ, ਕਿਸਾਨਾਂ, ਮਜ਼ਦੂਰਾਂ ਦੀ ਕੁੱਲ ਕਰਜ਼ ਮੁਕਤੀ, ਕੇਂਦਰ ਸਰਕਾਰ ਵਲੋਂ ਕਿਸਾਨੀ ਅੰਦੋਲਨ ਅਤੇ ਵੱਖ ਵੱਖ ਸਮੇਂ ਲਿਖਤ ਵਿਚ ਕੀਤੇ ਗਏ ਵਾਅਦੇ, ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਨ ਦੀ ਬਜਾਏ ਕੇਂਦਰ ਸਰਕਾਰ ਦੁਆਰਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਗੇ ਗੋਡੇ ਟੇਕਦੇ ਹੋਏ ਖੇਤੀਬਾੜੀ, ਪੋਲਟਰੀ ਅਤੇ ਡੇਅਰੀ ਖੇਤਰ ਨੂੰ ਬਰਬਾਦ ਕਰਨ ਵਾਲਾ ਕਿਸਾਨ ਮਾਰੂ ਸਮਝੌਤਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਖੇਤੀਬਾੜੀ, ਡੇਅਰੀ ਅਤੇ ਪੋਲਟਰੀ ਖੇਤਰਾਂ ਉੱਪਰ ਲਾਗੂ ਹੁੰਦਾ ਹੈ ਤਾਂ ਫਿਰ ਪਹਿਲਾਂ ਹੀ ਆਤਮ ਹੱਤਿਆ ਦੇ ਰਸਤੇ ਉੱਪਰ ਤੁਰੀ ਕਿਸਾਨੀ ਬਿਲਕੁਲ ਖ਼ਤਮ ਹੋ ਜਾਵੇਗੀ | ਇਸ ਮੌਕੇ ਪ੍ਰਦਰਸ਼ਨਕਾਰੀਆਂ ਵਿਚ ਪ੍ਰਕਾਸ਼ ਸਿੰਘ ਬੱਬਲ, ਕਰਨੈਲ ਸਿੰਘ ਜਟਾਣਾਂ, ਅਮਰਜੀਤ ਸਿੰਘ ਮੈੜਾਂ, ਰਣਧੀਰ ਸਿੰਘ ਮਾਨ, ਰਜਿੰਦਰ ਸਿੰਘ ਬੱਬੀ, ਬਲਪ੍ਰੀਤ ਸਿੰਘ ਅਬਦੁੱਲਾਪੁਰ, ਬਲਕਾਰ ਸਿੰਘ, ਵਰਿੰਦਰ ਸਿੰਘ, ਇੰਦਰਜੀਤ ਸਿੰਘ, ਜ਼ਿਲ੍ਹਾ ਪ੍ਰੈਸ ਸਕੱਤਰ ਅਵਤਾਰ ਸਿੰਘ ਡੰਘੇੜੀਆਂ, ਅਮਰੀਕ ਸਿੰਘ ਮਾਹਲ, ਸੁੱਚਾ ਸਿੰਘ, ਬਲਦੇਵ ਸਿੰਘ ਪਮੌਰ ਆਦਿ ਕਿਸਾਨ ਆਗੂ ਹਾਜ਼ਰ ਸਨ |
ਪਿਛਲੀ ਖ਼ਬਰ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਕਾਰਨ ਅਮਲੋਹ ਵਿਖੇ ਕੰਮ ਕਰਵਾਉਣ ਆਏ ਲੋਕਾਂ ਨੂੰ ਮੁੜਨਾ ਪਿਆ ਖ਼ਾਲੀ... ਅਗਲੀ ਖ਼ਬਰ ਪੀ. ਐੱਮ. ਸਵਨਿਧੀ ਯੋਜਨਾ ਨਾਲ ਜ਼ਿਲ੍ਹੇ ਦੇ ਰੇਹੜੀ-ਫੜੀ ਵਿਕੇ੍ਰਤਾਵਾਂ ਨੂੰ ਮਿਲਿਆ ਆਰਥਿਕ ਸਹਾਰਾ-ਭੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।