ਬਨੂੜ, 4 ਜੂਨ (ਭੁਪਿੰਦਰ ਸਿੰਘ)-ਬਨੂੜ ਪੁਲਿਸ ਨੇ ਪਿੰਡ ਬੁੱਢਣਪੁਰ ਦੇ 9 ਵਿਅਕਤੀਆਂ ਖ਼ਿਲਾਫ਼ ਜਾਨੋ ਮਾਰਨ ਦੀ ਨੀਅਤ ਨਾਲ ਕੁੱਟਮਾਰ ਕਰਨ ਦੀ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਪੁਲਿਸ ਨੇ ਹਮਲਾਵਰਾਂ ਨੂੰ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ | ਜਾਂਚ ਅਫ਼ਸਰ ਐੱਸ.ਆਈ. ਨਾਹਰ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਅਵਤਾਰ ਸਿੰਘ ਵਾਸੀ ਬੁੱਢਣਪੁਰ ਦੀ ਸ਼ਿਕਾਇਤ ਦੇ ਹਵਾਲੇ ਨਾਲ ਦੱਸਿਆ ਕਿ 21 ਮਈ ਨੂੰ ਪੰਚਾਇਤ ਵਲੋਂ ਸ਼ਾਮਲਾਤ ਜ਼ਮੀਨ ਚਕੌਤੇ 'ਤੇ ਦੇਣ ਲਈ ਨਿਲਾਮੀ ਰੱਖੀ ਗਈ ਸੀ | ਜਿਸ ਵਿਚ ਐਸ.ਸੀ. ਭਾਈਚਾਰੇ ਨਾਲ ਸੰਬੰਧਿਤ ਰਾਖਵੀਂ ਜ਼ਮੀਨ ਦੀ ਦੋ ਧੜੇ ਬੋਲੀ ਦੇ ਰਹੇ ਸਨ | ਇਕ ਧੜੇ ਨੂੰ ਜਨਰਲ ਕੈਟਾਗਰੀ ਵਲੋਂ ਹਮਾਇਤ ਕੀਤੀ ਜਾ ਰਹੀ ਸੀ | ਇਹ ਨਿਲਾਮੀ ਦੂਜੇ ਧੜੇ ਨੂੰ ਰਾਸ ਨਹੀਂ ਆਈ | ਜਿਸ ਕਾਰਨ ਐਸ.ਸੀ. ਭਾਈਚਾਰੇ ਦੇ ਇਕ ਧੜੇ ਨੇ ਦੂਜੇ 'ਤੇ ਡੰਡੇ ਸੋਟੀਆਂ ਨਾਲ ਹਮਲਾ ਕਰ ਦਿੱਤਾ | ਜਿਸ ਵਿਚ ਹਮਾਇਤ ਦੇਣ ਵਾਲੇ ਜਨਰਲ ਕੈਟਾਗਰੀ ਦੇ ਸਾਬਕਾ ਸਰਪੰਚ ਬਲਬੀਰ ਸਿੰਘ ਦੇ ਦੋਵੇਂ ਪੁੱਤਰ ਅਵਤਾਰ ਸਿੰਘ ਅਤੇ ਹਰਜਿੰਦਰ ਸਿੰਘ ਘੋਲਾ ਗੰਭੀਰ ਜ਼ਖ਼ਮੀ ਹੋ ਗਏ | ਉਨਾਂ ਦੱਸਿਆ ਕਿ ਇਸ ਮਾਮਲੇ ਵਿਚ ਜੰਗ ਸਿੰਘ, ਅਵਤਾਰ ਸਿੰਘ, ਸੱਜਣ ਸਿੰਘ, ਰਣਜੀਤ ਸਿੰਘ, ਵਿਸ਼ਾਲ, ਕੇਸਰ ਸਿੰਘ, ਸੰਜੂ, ਜਗਦੀਪ ਸਿੰਘ ਤੇ ਬਲਜੀਤ ਸਿੰਘ ਖ਼ਿਲਾਫ਼ ਜਾਨੋ ਮਾਰਨ ਦੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਜਾਂਚ ਅਫ਼ਸਰ ਨੇ ਦੱਸਿਆ ਕਿ ਅਜੇ ਕਿਸੇ ਦੀ ਗਿ੍ਫ਼ਤਾਰੀ ਨਹੀ ਪਰ ਪੁਲਿਸ ਵਲੋਂ ਗਿ੍ਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ |