ਫ਼ਤਹਿਗੜ੍ਹ ਸਾਹਿਬ, 4 ਜੂਨ (ਬਲਜਿੰਦਰ ਸਿੰਘ)-ਕੁਝ ਸਿਰ-ਫਿਰੇ ਹਿਮਾਚਲੀ ਨੌਜਵਾਨਾਂ ਵਲੋਂ ਹਿਮਾਚਲ ਵਿਚ ਯਾਤਰਾ ਕਰਨ ਗਏ 4 ਸਿੱਖ ਨੌਜਵਾਨਾਂ ਨੂੰ ਘੇਰ ਕੇ ਉਨ੍ਹਾਂ ਨਾਲ ਬੜੀ ਬੇਰਹਿਮੀ ਤੇ ਗੈਰ ਇਨਸਾਨੀਅਤ ਢੰਗ ਨਾਲ ਕੁੱਟਮਾਰ ਕਰਨ ਦੀ ਸਖ਼ਤ ਵਿਚ ਨਿੰਦਾ ਕਰਦਿਆਂ ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ (ਅ) ਨੇ ਕਿਹਾ ਕਿ ਇਸ ਅਤਿ ਗੰਭੀਰ ਮਸਲੇ ਵਿਚ ਹਿਮਾਚਲ ਪ੍ਰਦੇਸ਼ ਦੀ ਸੁੱਖੂ ਸਰਕਾਰ ਤੇ ਡੀ.ਜੀ.ਪੀ ਨੂੰ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ | ਸ. ਟਿਵਾਣਾ ਨੇ ਕਿਹਾ ਕਿ ਸਿਰ ਫਿਰੇ ਹਿਮਾਚਲੀ ਨੌਜਵਾਨਾਂ ਵਲੋਂ 4 ਸਿੱਖ ਨੌਜਵਾਨਾਂ ਨਾਲ ਕੁੱਟਮਾਰ ਕਰਨ ਤੋਂ ਇਲਾਵਾ ਉਨ੍ਹਾਂ ਦੀਆਂ ਦਸਤਾਰਾਂ ਦਾ ਅਪਮਾਨ ਵੀ ਕੀਤਾ ਗਿਆ ਹੈ | ਪਰ ਅਫ਼ਸੋਸ ਕਿ ਕੁੱਲੂ-ਮਨਾਲੀ ਇਲਾਕੇ ਨਾਲ ਸੰਬੰਧਿਤ ਪੁਲਿਸ ਅਫ਼ਸਰਾਨ ਅਤੇ ਸਰਕਾਰ ਵਲੋਂ ਜਿਨ੍ਹਾਂ ਸਿੱਖ ਨੌਜਵਾਨਾਂ 'ਤੇ ਜ਼ਬਰ ਹੋਇਆ ਹੈ, ਉਨ੍ਹਾਂ 'ਤੇ ਜਬਰ ਕਰਨ ਵਾਲੇ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਨ ਜਾਂ ਉਨ੍ਹਾਂ ਵਿਰੁੱਧ ਕੇਸ ਦਰਜ ਕਰਨ ਦੀ ਬਜਾਇ ਪੀੜਤਾਂ 'ਤੇ ਹੀ ਕੇਸ ਦਰਜ ਕਰਕੇ ਸਿੱਖ ਕੌਮ ਨਾਲ ਬੇਇਨਸਾਫ਼ੀ ਕੀਤੀ ਗਈ ਹੈ | ਸ. ਟਿਵਾਣਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅ) ਸੁੱਖੂ ਸਰਕਾਰ ਅਤੇ ਡੀ.ਜੀ.ਪੀ ਹਿਮਾਚਲ ਨੂੰ ਖ਼ਬਰਦਾਰ ਕਰਦਾ ਹੈ ਕਿ ਜੇਕਰ ਸਿੱਖ ਨੌਜਵਾਨਾਂ ਤੇ ਜ਼ਬਰ-ਜੁਲਮ ਢਾਹੁਣ ਵਾਲੇ ਹਿਮਾਚਲੀ ਨੌਜਵਾਨਾਂ ਵਿਰੁੱਧ ਕਾਨੂੰਨੀ ਅਮਲ ਨਾ ਕੀਤਾ ਗਿਆ ਅਤੇ ਸਿੱਖ ਨੌਜਵਾਨਾਂ 'ਤੇ ਮੰਦਭਾਵਨਾ ਅਧੀਨ ਦਰਜ ਕੀਤੇ ਗਏ ਕੇਸ ਵਾਪਸ ਨਾ ਲਏ ਗਏ, ਤਾਂ ਹਿਮਾਚਲ ਅਤੇ ਪੰਜਾਬ ਦੋਵੇਂ ਸੂਬਿਆਂ ਦੇ ਹਾਲਤਾਂ ਨੂੰ ਵਿਸਫੋਟਕ ਬਣਾਉਣ ਲਈ ਹਿਮਾਚਲ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਵੇਗੀ | ਸ. ਟਿਵਾਣਾ ਨੇ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦਾ ਇਸ ਗੰਭੀਰ ਵਿਸ਼ੇ ਵੱਲ ਧਿਆਨ ਕੇਂਦਰਿਤ ਕਰਦੇ ਹੋਏ ਕਿਹਾ ਕਿ ਹਿਮਾਚਲ ਵਿਚ ਯਾਤਰਾ ਕਰਨ ਵਾਲੇ ਪੰਜਾਬੀਆਂ ਤੇ ਸਿੱਖਾਂ 'ਤੇ ਹੋ ਰਹੇ ਹਮਲਿਆਂ ਦੀ ਰੋਕਥਾਮ ਲਈ ਕੋਈ ਅਮਲ ਜ਼ਰੂਰ ਹੋਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਜੋ ਹਿਮਾਚਲ ਸਰਕਾਰ ਨੇ ਪੰਜਾਬ ਦੇ ਜਾਣ ਵਾਲੇ ਵਾਹਨਾਂ ਉੱਤੇ ਬਿਨਾਂ ਵਜ੍ਹਾ ਗੈਰ ਕਾਨੂੰਨੀ ਢੰਗ ਨਾਲ ਟੈਕਸ ਲਗਾਏ ਹਨ, ਇਹ ਵੀ ਪੰਜਾਬੀਆਂ ਨਾਲ ਵੱਡੀ ਜ਼ਿਆਦਤੀ ਹੈ | ਭਗਵੰਤ ਮਾਨ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜੋ ਹਿਮਾਚਲ ਤੋਂ ਪੰਜਾਬ ਵਿਚ ਵਾਹਨ ਆਉਂਦੇ ਹਨ, ਉਨ੍ਹਾਂ 'ਤੇ ਵੀ ਇਸੇ ਤਰ੍ਹਾਂ ਟੈਕਸ ਲਗਾ ਕੇ ਹਿਮਾਚਲ ਸਰਕਾਰ ਨੂੰ ਅਰਥ ਭਰਪੂਰ ਸੰਦੇਸ਼ ਦੇਣ ਦੇ ਅਮਲ ਕਰਨ | ਉਨ੍ਹਾਂ ਉਮੀਦ ਪ੍ਰਗਟਾਈ ਕਿ ਉਪਰੋਕਤ ਕੁੱਟਮਾਰ ਦੇ ਗੰਭੀਰ ਵਿਸ਼ੇ 'ਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹਿਮਾਚਲ ਸਰਕਾਰ ਨਾਲ ਸੰਪਰਕ ਕਰਕੇ ਪੰਜਾਬੀ ਸਿੱਖ ਨੌਜਵਾਨਾਂ 'ਤੇ ਹੋਏ ਤਸ਼ੱਦਦ ਦਾ ਇਨਸਾਫ਼ ਦਿਵਾਉਣ ਲਈ ਆਪਣੀ ਜ਼ਿੰਮੇਵਾਰੀ ਨੂੰ ਪੂਰਨ ਕਰੇਗੀ |