ਫ਼ਤਹਿਗੜ੍ਹ ਸਾਹਿਬ, 4 ਜੂਨ (ਬਲਜਿੰਦਰ ਸਿੰਘ)-ਜੂਨ ਬੂਟਿਆਂ ਦਾ ਮਧਰਾ ਰਹਿ ਜਾਣਾ ਝੋਨੇ ਦਾ ਇਕ ਨਵਾਂ ਰੋਗ ਹੈ, ਜੋ ਕਿ ਪਹਿਲੀ ਵਾਰ ਸੰਨ 2022 ਵਿਚ ਵੇਖਿਆ ਗਿਆ ਸੀ | ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੇਵ ਸਿੰਘ ਨੇ ਦੱਸਿਆ ਕਿ ਇਸ ਰੋਗ ਦਾ ਹਮਲਾ ਅੱਧ ਜੁਲਾਈ ਤੋਂ ਬਾਅਦ ਸ਼ੁਰੂ ਹੋ ਜਾਂਦਾ ਹੈ ਅਤੇ ਝੋਨੇ ਦੀਆਂ ਲਗਪਗ ਸਾਰੀਆਂ ਕਿਸਮਾਂ ਵਿਚ ਇਸ ਰੋਗ ਦੀ ਸਮੱਸਿਆ ਵੇਖੀ ਜਾਂਦੀ ਹੈ | ਖੇਤੀਬਾੜੀ ਮਾਹਿਰਾਂ ਵਲੋਂ ਇਸ ਰੋਗ ਦੇ ਕਾਰਨ ਦੀ ਪਹਿਚਾਣ ਸਦਰਨ ਰਾਈਸ ਬਲੈਕ ਸਟਰੀਕਡ ਡਵਾਰਫ ਵਾਇਰਸ ਵਜੋਂ ਕੀਤੀ ਗਈ, ਜੋ ਕਿ ਇਕ ਵਿਸ਼ਾਣੂ ਹੈ | ਇਸ ਰੋਗ ਨਾਲ ਪ੍ਰਭਾਵਿਤ ਬੂਟੇ ਮਧਰੇ, ਪੱਤੇ ਨੋਕਦਾਰ ਅਤੇ ਜੜ੍ਹਾਂ ਘੱਟ ਡੂੰਘੀਆਂ ਰਹਿ ਜਾਂਦੀਆਂ ਹਨ | ਇਹ ਰੋਗ ਵੱਧਣ ਨਾਲ ਬੂਟੇ ਮੁਰਝਾ ਕੇ ਸੁੱਕ ਜਾਂਦੇ ਹਨ ਅਤੇ ਫ਼ਸਲ ਦਾ ਭਾਰੀ ਨੁਕਸਾਨ ਹੁੰਦਾ ਹੈ | ਇਹ ਵਿਸ਼ਾਣੂ ਰੋਗ ਚਿੱਟੀ ਅਤੇ ਭੂਰੀ ਪਿੱਠ ਵਾਲੇ ਟਿੱਡੇ ਕਾਰਨ ਫੈਲਦਾ ਹੈ | ਉਨ੍ਹਾਂ ਦੱਸਿਆ ਕਿ ਇਸ ਦੀ ਰੋਕਥਾਮ ਕਰਨ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਪਨੀਰੀ ਦੀ ਬਿਜਾਈ ਤੋਂ ਹੀ ਇਸ ਰੋਗ ਨੂੰ ਫੈਲਾਉਣ ਵਾਲੇ ਚਿੱਟੀ ਅਤੇ ਭੂਰੀ ਪਿੱਠ ਵਾਲੇ ਟਿੱਡਿਆਂ ਦੀ ਸੁਚੱਜੀ ਰੋਕਥਾਮ ਯਕੀਨੀ ਬਣਾਈ ਜਾਵੇ | ਇਸ ਲਈ ਵੱਟਾਂ ਬੰਨਿਆਂ ਅਤੇ ਪਾਣੀ ਵਾਲੀਆਂ ਖਾਲ਼ਾਂ ਨੂੰ ਨਦੀਨ ਮੁਕਤ ਰੱਖਿਆ ਜਾਵੇ ਅਤੇ ਝੋਨੇ ਦੀ ਫ਼ਸਲ ਦਾ ਸਮੇਂ ਸਮੇਂ ਸਿਰ ਨਿਰੀਖਣ ਕੀਤਾ ਜਾਵੇ ਅਤੇ ਜੇਕਰ ਟਿੱਡੇ ਦਾ ਹਮਲਾ ਨਜ਼ਰ ਆਵੇ ਤਾਂ ਹੇਠ ਲਿਖੇ ਅਨੁਸਾਰ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਕਰਨਾ ਯਕੀਨੀ ਬਣਾਇਆ ਜਾਵੇ, ਤਾਂ ਜੋ ਰੋਗ ਮੁਕਤ ਝੋਨੇ ਦੀ ਫ਼ਸਲ ਪੈਦਾ ਕੀਤੀ ਜਾ ਸਕੇ ਅਤੇ ਹੋਣ ਵਾਲੇ ਭਾਰੀ ਵਿੱਤੀ ਨੁਕਸਾਨ ਤੋਂ ਬਚਿਆ ਜਾ ਸਕੇ | ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਜੇਕਰ ਟਿੱਡੇ ਦਾ ਆਮਦ ਨਜ਼ਰ ਆਉਂਦੀ ਹੈ ਤਾਂ ਕੋਈ ਵੀ ਕੀਟਨਾਸ਼ਕ ਜਿਵੇਂ ਕਿ 94 ਮਿਲੀਲੀਟਰ ਪੈਕਸਾਲੋਨ 10 ਫ਼ੀਸਦੀ ਐਸ.ਸੀ (ਟਰਾਈਫਲੂਮੀਜੋਪਾਈਰਮ) ਜਾਂ 80 ਗ੍ਰਾਮ ਓਸ਼ੀਨ/ਟੋਕਨ/ਡੋਮਿਨੇਂਟ 20 ਫ਼ੀਸਦੀ ਐਸ.ਸੀ (ਡਾਈਨੋਟੈਫਰੋਨ) ਜਾਂ 120 ਗ੍ਰਾਮ ਚੈਸ 50 ਫ਼ੀਸਦੀ ਡਬਲਯੂ.ਜੀ (ਪਾਈਮੈਟਰੋਜੀਨ) ਜਾਂ 400 ਮਿਲੀਲੀਟਰ ਆਰਕੈਸਟਰਾ 10 ਫ਼ੀਸਦੀ ਐਸ.ਸੀ (ਬੈਨਜ਼ਪਾਈਰੀਮੋਕਸਨ) ਜਾਂ 300 ਮਿਲੀਲੀਟਰ ਇਮੈਜਨ 10 ਫ਼ੀਸਦੀ ਐਸ.ਸੀ (ਫਲੂਪਾਈਰੀਮੀਨ) ਜਾਂ 80 ਮਿਲੀਲੀਟਰ ਨਿੰਮ ਆਧਾਰਿਤ ਇਕੋਟਿਨ (ਅਜ਼ੈਡੀਰੈਕਟਿਨ 5 ਫ਼ੀਸਦੀ) ਜਾਂ 4 ਲੀਟਰ ਪੀ.ਏ.ਯੂ ਨਿੰਮ ਦੇ ਘੋਲ ਪ੍ਰਤੀ ਏਕੜ ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ | ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਬੂਟਿਆਂ ਦੇ ਮੁੱਢਾਂ 'ਤੇ ਛਿੜਕਾਅ ਕੀਤਾ ਜਾਵੇ |