ਫ਼ਤਹਿਗੜ੍ਹ ਸਾਹਿਬ, 9 ਜੂਨ (ਬਲਜਿੰਦਰ ਸਿੰਘ)-ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਮੰਡੋਫਲ ਯੂਨਿਟ, ਫ਼ਤਹਿਗੜ੍ਹ੍ਹ ਸਾਹਿਬ ਜ਼ੋਨ ਵਲੋਂ ਪਿੰਡ ਮੰਡੋਫਲ ਵਿਖੇ 10 ਦਿਨਾਂ ਗਿਆਨ ਅੰਜਨ ਸਮਰ ਕੈਂਪ ਆਰੰਭ ਕੀਤਾ ਗਿਆ ਹੈ | ਜ਼ੋਨਲ ਪ੍ਰਧਾਨ ਅਮਰਪ੍ਰੀਤ ਸਿੰਘ ਪੰਜਕੋਹਾ ਨੇ ਦੱਸਿਆ ਕਿ ਪਿੰਡ ਮੰਡੋਫਲ ਵਿਖੇ ਬੀਬੀ ਸੁਰਿੰਦਰਜੀਤ ਕੌਰ ਪ੍ਰਧਾਨ ਮੰਡੋਫ਼ਲ ਯੂਨਿਟ ਦੀ ਅਗਵਾਈ ਹੇਠ 10 ਦਿਨਾਂ ਗਿਆਨ ਅੰਜਨ ਸਮਰ ਕੈਂਪ ਦੀ ਆਰੰਭਤਾ ਕੀਤੀ ਗਈ ਹੈ | ਪੰਜਕੋਹਾ ਨੇ ਕੈਂਪ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਬੱਚਿਆਂ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਨਿਰੋਏ ਸਮਾਜ ਦੀ ਸਿਰਜਣਾ ਲਈ ਹਰ ਪਿੰਡ ਵਿਚ ਅਜਿਹੇ ਕੈਂਪ ਲਗਾਏ ਜਾਣੇ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਇਸ ਕੈਂਪ ਦੌਰਾਨ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਜਿੱਥੇ ਗੁਰ ਇਤਿਹਾਸ, ਸਾਖੀਆਂ ਅਤੇ ਬਾਣੀ ਕੰਠ ਕਰਵਾਈ ਜਾਵੇਗੀ, ਉੱਥੇ ਸੁਚੱਜੀ ਜੀਵਨ ਜਾਚ, ਵੱਧ ਰਹੇ ਪ੍ਰਦੂਸ਼ਣ ਦੇ ਬੁਰੇ ਪ੍ਰਭਾਵਾਂ ਅਤੇ ਨੈਤਿਕ ਕਦਰਾਂ ਕੀਮਤਾਂ ਤੋਂ ਜਾਣੂ ਕਰਵਾਉਣ ਲਈ ਸਪੈਸ਼ਲ ਪ੍ਰੋਗਰਾਮ ਉਲੀਕੇ ਜਾਣਗੇ | ਬੀਬੀ ਸੁਰਿੰਦਰਜੀਤ ਕੌਰ ਨੇ ਦੱਸਿਆ ਕਿ ਕੈਂਪ ਸਬੰਧੀ ਬੱਚਿਆਂ ਅਤੇ ਮਾਪਿਆਂ ਵਿਚ ਬਹੁਤ ਉਤਸ਼ਾਹ ਹੈ | ਰੋਜ਼ਾਨਾ ਬੱਚਿਆਂ ਲਈ ਰਿਫਰੈਸ਼ਮੈਂਟ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਸੰਦੀਪ ਸਿੰਘ ਕੈਸ਼ੀਅਰ ਨੇ ਦੱਸਿਆ ਕਿ ਇਸ ਮੌਕੇ ਕੇਸ ਕਤਲ ਨਾ ਕਰਨ ਦਾ ਪ੍ਰਣ ਕਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ | ਅਮਰਪ੍ਰੀਤ ਸਿੰਘ ਪੰਜਕੋਹਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਬੱਚਿਆਂ ਨੂੰ ਅਮੀਰ ਵਿਰਸੇ ਤੇ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਸੁਚੱਜੀ ਜੀਵਨ ਜਾਂਚ ਸਿਖਾਉਣ ਲਈ ਹੋਰ ਪਿੰਡਾਂ ਵਿਚ ਵੀ ਅਜਿਹੇ ਕੈਂਪ ਲਗਾਏ ਜਾਣਗੇ | ਇਸ ਮੌਕੇ ਸੁਰਿੰਦਰ ਕੌਰ, ਸੁਖਵਿੰਦਰ ਸਿੰਘ, ਜਸ਼ਨਪ੍ਰੀਤ ਸਿੰਘ, ਮਨਿੰਦਰ ਸਿੰਘ, ਰਾਜਦੀਪ ਸਿੰਘ, ਸੰਦੀਪ ਕੌਰ, ਬਲਵਿੰਦਰ ਕੌਰ, ਸੁਰਿੰਦਰ ਕੌਰ ਅਕਾਲ ਅਕੈਡਮੀ ਅਤੇ ਅਕਵਿੰਦਰ ਕੌਰ ਅਧਿਆਪਕ ਵੀ ਮੌਜੂਦ ਸਨ |