ਮੰਡੀ ਗੋਬਿੰਦਗੜ੍ਹ, 10 ਜੂਨ (ਇਕਬਾਲਦੀਪ ਸੰਧੂ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਨੇ ਆਪਣੇ 12 ਸਾਲ ਪੂਰੇ ਕਰ ਲਏ ਹਨ | 4,399 ਦਿਨਾਂ ਦੇ ਇਸ ਸਫ਼ਰ ਦੌਰਾਨ ਦੇਸ਼ ਨੇ ਵਿਕਾਸ, ਸੁਸ਼ਾਸਨ, ਰਾਸ਼ਟਰੀ ਸੁਰੱਖਿਆ ਅਤੇ ਡਿਜੀਟਲ ਕ੍ਰਾਂਤੀ ਦੇ ਖੇਤਰਾਂ ਵਿਚ ਕਈ ਇਤਿਹਾਸਕ ਮੀਲ ਪੱਥਰ ਹਾਸਲ ਕੀਤੇ ਹਨ | ਧਾਰਾ 370 ਨੂੰ ਹਟਾਉਣ ਤੋਂ ਲੈ ਕੇ ਅਯੋਧਿਆ ਵਿਚ ਸ੍ਰੀ ਰਾਮ ਮੰਦਿਰ ਦੇ ਨਿਰਮਾਣ, ਡਿਜੀਟਲ ਇੰਡੀਆ, ਯੂ.ਪੀ.ਆਈ ਅਤੇ ਬੁਨਿਆਦੀ ਢਾਂਚੇ ਦੇ ਵਿਸਥਾਰ ਤੱਕ, ਭਾਰਤ ਨੇ ਹਰ ਖੇਤਰ ਵਿਚ ਨਵੀਆਂ ਉਚਾਈਆਂ ਨੂੰ ਛੂਹਿਆ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਆਗੂ ਸੰਦੀਪ ਬੱਲ ਨੇ ਕੀਤਾ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 12 ਸਾਲਾਂ ਦਾ ਕਾਰਜਕਾਲ ਸੇਵਾ, ਸੁਸ਼ਾਸਨ ਅਤੇ ਗ਼ਰੀਬ ਕਲਿਆਣ ਨੂੰ ਸਮਰਪਿਤ ਰਿਹਾ ਹੈ, ਅੱਜ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਅਰਥ ਵਿਵਸਥਾਵਾਂ ਵਿਚ ਸ਼ਾਮਿਲ ਹੈ ਅਤੇ ਵਿਸ਼ਵ ਮੰਚ 'ਤੇ ਮਜ਼ਬੂਤ ਨੇਤਿ੍ਤਵ ਵਜੋਂ ਉੱਭਰਿਆ ਹੈ | ਉਨ੍ਹਾਂ ਕਿਹਾ ਕਿ ਵਿਕਸਿਤ ਭਾਰਤ ਦਾ ਸੰਕਲਪ ਹੁਣ 140 ਕਰੋੜ ਭਾਰਤੀਆਂ ਦਾ ਸਾਂਝਾ ਮਿਸ਼ਨ ਬਣ ਚੁੱਕਾ ਹੈ | ਇਸ ਦੇ ਨਾਲ ਉੱਜਵਲ ਯੋਜਨਾ, ਆਯੁਸ਼ਮਾਨ ਭਾਰਤ, ਜਲ ਜੀਵਨ ਮਿਸ਼ਨ, ਕਿਸਾਨ ਸਨਮਾਨ ਨਿਧੀ ਅਤੇ ਸਵੱਛ ਭਾਰਤ ਅਭਿਆਨ ਵਰਗੀਆਂ ਯੋਜਨਾਵਾਂ ਨੇ ਕਰੋੜਾਂ ਲੋਕਾਂ ਦੇ ਜੀਵਨ ਵਿਚ ਸਕਾਰਾਤਮਿਕ ਬਦਲਾਅ ਲਿਆਂਦਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖ ਭਾਈਚਾਰੇ ਨਾਲ ਜੁੜੇ ਕਈ ਇਤਿਹਾਸਕ ਫ਼ੈਸਲੇ ਵੀ ਮੋਦੀ ਸਰਕਾਰ ਦੀਆਂ ਵੱਡੀਆਂ ਉਪਲਬਧੀਆਂ ਵਿਚ ਸ਼ਾਮਲ ਹਨ | ਜਦਕਿ ਕਰਤਾਰਪੁਰ ਸਾਹਿਬ ਕਾਰੀਡੋਰ ਖੋਲ੍ਹ ਕੇ ਦੁਨੀਆ ਭਰ ਦੀ ਸੰਗਤ ਦੀ ਦਹਾਕਿਆਂ ਪੁਰਾਣੀ ਅਰਦਾਸ ਨੂੰ ਬੂਰ ਪਾਇਆ ਗਿਆ | ਇਸ ਮੌਕੇ ਪੁਖਰਾਜ ਸਿੰਘ ਬੱਲ, ਮੋਹਿਤ ਕੁਮਾਰ, ਲਵਪ੍ਰੀਤ ਸਿੰਘ, ਅਜੈ ਕੁਮਾਰ, ਅਭਿਸ਼ੇਕ ਤਿਵਾੜੀ, ਕੇਸ਼ਵ ਸ਼ਰਮਾ ਆਦਿ ਹਾਜ਼ਰ ਸਨ |