ਫ਼ਤਹਿਗੜ੍ਹ ਸਾਹਿਬ, 16 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਬਾਬਾ ਬੰਦਾ ਸਿੰਘ ਬਹਾਦਰ ਬਹੁ ਤਕਨੀਕੀ ਕਾਲਜ ਫ਼ਤਹਿਗੜ੍ਹ ਸਾਹਿਬ ਵਿਖੇ ਅੱਜ ਇਕ ਸਮਾਗਮ ਦੌਰਾਨ ਬਾਬਾ ਬੰਦਾ ਸਿੰਘ ਬਹਾਦਰ ਐਜੂਕੇਸ਼ਨ ਟਰੱਸਟ ਦੇ ਨਵੇਂ ਟਰੱਸਟੀ ਐਡਵੋਕੇਟ ਸਤਨਾਮ ਸਿੰਘ ਭਗੜਾਣਾ ਦਾ ਕਾਲਜ ਪਿ੍ਰੰਸੀਪਲ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਅਧਿਆਪਕਾਂ ਅਤੇ ਸਮੂਹ ਸਟਾਫ਼ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਨਵੇਂ ਟਰੱਸਟੀ ਐਡਵੋਕੇਟ ਸਤਨਾਮ ਸਿੰਘ ਭਗੜਾਣਾ ਨੇ ਕਾਲਜ ਪਿ੍ੰਸੀਪਲ ਸਮੇਤ ਸਮੂਹ ਸਟਾਫ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਵਿਦਿਆਰਥੀਆਂ ਦੇ ਭਵਿੱਖ ਨੂੰ ਉੱਜਵਲ ਬਣਾਉਣ ਲਈ ਕਾਲਜ ਪ੍ਰਬੰਧਨ ਦੇ ਸਹਿਯੋਗ ਹਰ ਸੰਭਵ ਯਤਨ ਕਰਨਗੇ ਅਤੇ ਕਾਲਜ ਵਿਚ ਅਜਿਹਾ ਸਿੱਖਿਅਕ ਮਾਹੌਲ ਸਿਰਜਿਆ ਜਾਵੇਗਾ, ਜਿੱਥੇ ਵਿਦਿਆਰਥੀ ਆਪਣੇ ਹੁਨਰਾਂ ਨੂੰ ਨਿਖਾਰ ਕੇ ਸਮਾਜ ਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਦੇ ਕਾਬਲ ਬਣ ਸਕਣ। ਉਨ੍ਹਾਂ ਕਿਹਾ ਕਿ ਵਿਦਿਆਰਥੀ ਹੀ ਕਿਸੇ ਵੀ ਸਿੱਖਿਆ ਸੰਸਥਾ ਦੀ ਅਸਲ ਪੂੰਜੀ ਹੁੰਦੇ ਹਨ ਅਤੇ ਉਨ੍ਹਾਂ ਦੀ ਭਲਾਈ ਤੇ ਤਰੱਕੀ ਲਈ ਸੰਸਥਾ ਹਮੇਸ਼ਾ ਵਚਨਬੱਧ ਰਹੇਗੀ। ਇਸ ਮੌਕੇ ਕਾਲਜ ਦੀ ਤਰੱਕੀ, ਵਿਦਿਆਰਥੀਆਂ ਨੂੰ ਮਿਆਰੀ ਤੇ ਤਕਨੀਕੀ ਸਿੱਖਿਆ ਪ੍ਰਦਾਨ ਕਰਨ, ਨਵੇਂ ਕੋਰਸ ਸ਼ੁਰੂ ਕਰਨ ਅਤੇ ਰੁਜ਼ਗਾਰ ਮੁਖੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਪਿ੍ਸੀਪਲ ਗੁਰਪ੍ਰੀਤ ਕੌਰ ਨੇ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਟਰੱਸਟ ਦੇ ਮੈਂਬਰਾਂ ਦੀ ਸੁਯੋਗ ਅਗਵਾਈ ਹੇਠ ਵਿਦਿਆਰਥੀਆਂ ਨੂੰ ਉੱਚ ਪੱਧਰੀ ਸਿੱਖਿਆ, ਆਧੁਨਿਕ ਤਕਨੀਕੀ ਗਿਆਨ ਅਤੇ ਬਿਹਤਰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਮੌਕੇ ਐਡਵੋਕੇਟ ਵਰਿੰਦਰ ਸਿੰਘ ਬੈਂਸ, ਐਡਵੋਕੇਟ ਮਾਯੰਕ ਸ਼ਰਮਾ, ਕਾਲਜ ਪ੍ਰਿੰਸੀਪਲ ਗੁਰਪ੍ਰੀਤ ਕੌਰ, ਡਾ. ਜਗਦੀਪ ਸਿੰਘ ਗਿੱਲ ਵਿਭਾਗ ਮੁਖੀ, ਇੰਜ. ਗੁਰਦੀਪ ਸਿੰਘ ਗਿੱਲ ਵਿਭਾਗ ਮੁਖੀ, ਇੰਜ. ਸਿਮਰਨਜੀਤ ਸਿੰਘ ਵਿਭਾਗ ਮੁਖੀ, ਜੁਝਾਰ ਸਿੰਘ, ਸਰਬਜੀਤ ਸਿੰਘ, ਗੁਰਦੀਪ ਕੌਰ, ਹਰਪ੍ਰੀਤ ਕੁਮਾਰ, ਹਰਵਿੰਦਰ ਸਿੰਘ, ਵਰਿੰਦਰ ਸਿੰਘ ਅਤੇ ਸਮੂਹ ਅਧਿਆਪਕ ਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ।