ਸਮਾਣਾ, 16 ਜੂਨ (ਪ੍ਰੀਤਮ ਸਿੰਘ ਨਾਗੀ)-ਪੰਜਾਬ ਦੇ ਲੋਕ ਭਗਵੰਤ ਸਿੰਘ ਮਾਨ ਦੀਆਂ ਚਿਕਣੀਆਂ ਚੋਪੜੀਆਂ ਗੱਲਾਂ ‘ਚ ਆ ਕੇ ਧੋਖਾ ਖਾ ਗਏ ਅਤੇ ਹੁਣ ਪਛਤਾ ਰਹੇ ਹਨ ਵਿਕਾਸ ਪੱਖੋਂ ਪਿੰਡਾਂ ਅਤੇ ਸ਼ਹਿਰਾਂ ਦਾ ਕਾਫ਼ੀ ਮਾੜਾ ਹਾਲ ਹੈ| ਪੰਜਾਬ ‘ਚ ਵਿਕਾਸ ਹਮੇਸ਼ਾ ਅਕਾਲੀ ਸਰਕਾਰ ਸਮੇਂ ਹੀ ਹੋਇਆ ਹੈ| ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਸਵੰਤ ਸਿੰਘ ਢਿੱਲੋਂ ਪ੍ਰਧਾਨ ਬੀਸੀ ਵਿੰਗ ਸ਼ੋ੍ਰਮਣੀ ਅਕਾਲੀ ਦਲ ਹਲਕਾ ਦਿੜ੍ਹਬਾ ਨੇ ਇੱਥੇ ਇਕ ਪੈੱ੍ਰਸ ਕਾਨਫ਼ਰੰਸ ‘ਚ ਪ੍ਰਗਟ ਕੀਤੇ| ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਬੀਸੀ ਵਰਗ ਦੀ ਭਲਾਈ ਲਈ ਅਨੇਕਾਂ ਹੀ ਸਕੀਮਾਂ ਉਲੀਕੀਆਂ ਗਈਆਂ ਸਨ ਜਿਨ੍ਹਾਂ ਦਾ ਬੀਸੀ ਵਰਗ ਨੇ ਰੱਜ ਕੇ ਲਾਭ ਲਿਆ ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਇਹ ਸਾਰੀਆਂ ਸਕੀਮਾਂ ਲਗਭਗ ਠੱਪ ਹੋ ਕੇ ਰਹਿ ਗਈਆਂ ਹਨ| ਉਨ੍ਹਾਂ ਕਿਹਾ ਕਿ ਆਉਣ ਵਾਲੀ ਸਰਕਾਰ ਪੰਜਾਬ ‘ਚ ਸ਼ੋ੍ਰਮਣੀ ਅਕਾਲੀ ਦਲ ਦੀ ਹੀ ਆਵੇਗੀ ਜਿਸ ਲਈ ਲੋਕ ਹਰ ਪੱਖੋਂ ਆਪਣਾ ਇਰਾਦਾ ਬਣਾ ਚੁੱਕੇ ਹਨ ਅਤੇ ਇਹ ਸਰਕਾਰ ਆਉਂਦੇ ਹੀ ਬੀਸੀ ਵਰਗ ਲਈ ਬੰਦ ਹੋ ਚੁੱਕੀਆਂ ਸਕੀਮਾਂ ਦੁਆਰਾ ਲਾਗੂ ਕੀਤੀਆਂ ਜਾਣਗੀਆਂ ਅਤੇ ਨਵੀਆਂ ਲਾਹੇਵੰਦ ਸਕੀਮਾਂ ਤਿਆਰ ਕੀਤੀਆਂ ਜਾਣਗੀਆਂ| ਉਨ੍ਹਾਂ ਦੁੱਖ ਪ੍ਰਗਟ ਕੀਤਾ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਫੋਕੇ ਨਾਅਰੇ ਲਾਉਣ ਵਾਲੀ ਸਰਕਾਰ ਦੇ ਰਾਜ ‘ਚ ਰੋਜ਼ਾਨਾ ਹੀ ਨੌਜਵਾਨ ਮੁੰਡੇ ਨਸ਼ਿਆਂ ਨਾਲ ਮਰ ਰਹੇ ਹਨ ਪਰ ਮਾਨ ਸਰਕਾਰ ਰੰਗਲੇ ਪੰਜਾਬ ਦੀਆਂ ਫੋਕੀਆਂ ਗੱਲਾਂ ਕਰ ਰਹੀ ਹੈ| ਉਨ੍ਹਾਂ ਬੀਸੀ ਵਰਗ ਦੇ ਲੋਕਾਂ ਖ਼ਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ੋ੍ਰਮਣੀ ਅਕਾਲੀ ਦਲ ‘ਚ ਸ਼ਾਮਿਲ ਹੋਣ ਅਤੇ ਸ਼ੋ੍ਰਮਣੀ ਅਕਾਲੀ ਦਲ ਦਾ ਸਾਥ ਦੇਣ|