ਖਮਾਣੋਂ, 17 ਜੂਨ (ਜੋਗਿੰਦਰ ਪਾਲ)-ਕਾਂਗਰਸ ਪਾਰਟੀ ਦੇ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਪੰਜਾਬ ਦੀ ਕੋ-ਕਨਵੀਨਰ ਡਾ. ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸ਼ਰਾਬ ਪੀ ਕੇ ਵਿਚਰਨ ਦੇ ਕਿੱਸੇ ਤਾਂ ਆਮ ਸੁਣੇ ਹਨ ਅਤੇ ਹੁਣ ਉਨ੍ਹਾਂ ਵਲੋਂ ਗੁਰੂ ਸਾਹਿਬਾਨ ਦੀਆਂ ਤਸਵੀਰਾਂ ’ਤੇ ਸ਼ਰਾਬ ਦੇ ਛਿੱਟੇ ਮਾਰਨ ਦੀ ਵੀਡੀਓ ਦੀ ਫੋਰੈਂਸਿਕ ਲੈਬ ’ਚ ਸੱਚੀ ਸਾਬਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਇਹ ਕੋਝੀ ਹਰਕਤ ਬਹੁਤ ਹੀ ਨਿੰਦਣਯੋਗ ਹੈ ਅਤੇ ਇਕ ਰਾਜ ਦੇ ਮੁਖੀ ਨੂੰ ਇਸ ਤਰਾਂ ਦੀਆਂ ਗ਼ਲਤ ਹਰਕਤਾਂ ਕਰਨਾ ਕਿਸੇ ਵੀ ਤਰ੍ਹਾਂ ਸ਼ੋਭਾ ਨਹੀਂ ਦਿੰਦਾ। ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਇਸ ਸਾਰੀ ਘਟਨਾ ਦੀ ਜਾਂਚ ਕਰਾਉਣ ਉਪਰੰਤ ਮੁੱਖ ਮੰਤਰੀ ਨੂੰ ਸਿੱਖ ਪੰਥ ਦਾ ਦੋਖੀ ਕਰਾਰ ਦੇ ਕੇ ਸਿੱਖ ਪੰਥ ਨੂੰ ਉਨ੍ਹਾਂ ਨਾਲੋਂ ਨਾਤਾ ਤੋੜਨ ਦੀ ਅਪੀਲ ਕੀਤੀ ਗਈ ਹੈ। ਢੋਲੇਵਾਲ ਨੇ ਕਿਹਾ ਕਿ ਅਜਿਹੇ ਗੰਭੀਰ ਫ਼ੈਸਲੇ ਤੋਂ ਬਾਅਦ ਭਗਵੰਤ ਮਾਨ ਆਪਣਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ ਅਤੇ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਮਰਿਆਦਾ ਤੇ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ, ਭਗਵੰਤ ਮਾਨ ਨੂੰ ਬਿਨਾਂ ਕਿਸੇ ਦੇਰੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇ ਕੇ ਸਿੱਖ ਕੌਮ ਤੋ ਮੁਆਫ਼ੀ ਮੰਗਣੀ ਚਾਹੀਦੀ ਹੈ।