ਰਾਜਪੁਰਾ, 17 ਜੂਨ (ਜੀ.ਪੀ. ਸਿੰਘ)-ਹਲਕਾ ਰਾਜਪੁਰਾ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇਂ ਜਿੱਥੇ ਰਾਜਪੁਰਾ ਸ਼ਹਿਰ ਅੰਦਰ ਸਰਕਾਰੀ ਦਫ਼ਤਰਾਂ ਦੇ ਵਿਚ ਭਿ੍ਰਸ਼ਟਾਚਾਰ ਅਤੇ ਨਸ਼ਿਆਂ ਦਾ ਬੋਲਬਾਲਾ ਹੈ ਉਸੇ ਤਰ੍ਹਾਂ ਹਲਕਾ ਰਾਜਪੁਰਾ ਦੇ ਅਧੀਨ ਆਉਂਦੇ ਪਿੰਡਾਂ ਦੇ ਵਿਚ ਵੀ ਨਸ਼ਿਆਂ ਦੇ ਕਾਰਨ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਕੇ ਆਪਣੀਆਂ ਜ਼ਿੰਦਗੀਆਂ ਤਬਾਹ ਕਰ ਰਹੇ ਹਨ। ਇਹ ਪ੍ਰਗਟਾਵਾ ਅੱਜ ਭਾਰਤੀ ਜਨਤਾ ਪਾਰਟੀ ਹਲਕਾ ਰਾਜਪੁਰਾ ਦੇ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਪੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰਾਜਪੁਰਾ ਹਲਕੇ ’ਚ ਅਮਨ ਕਾਨੂੰਨ ਦੀ ਸਥਿਤੀ ਵਿਗੜੀ ਹੋਣ ਕਾਰਨ ਪਿੰਡ ਵਾਸੀਆਂ ਨੂੰ ਰਾਤ ਸਮੇਂ ਆਪਣੇ ਪਿੰਡ ਤੋਂ ਸ਼ਹਿਰ ਵੱਲ ਅਤੇ ਸ਼ਹਿਰ ਤੋਂ ਪਿੰਡ ਵੱਲ ਜਾਣ ਤੋਂ ਵੀ ਡਰ ਲੱਗਣ ਲੱਗ ਪਿਆ ਹੈ। ਜਗਦੀਸ਼ ਜੱਗਾ ਨੇ ਕਿਹਾ ਕਿ 18 ਜੂਨ ਤੋਂ ਹਲਕਾ ਰਾਜਪੁਰਾ ਦੇ ਪਿੰਡ ਮਾਣਕਪੁਰ ਤੋਂ ਭਾਜਪਾ ‘ਪਿੰਡ ਪਿੰਡ ਜੱਗਾ’ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਅਤੇ ਲੋਕਾਂ ਨਾਲ ਸੰਪਰਕ ਬਣਾ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਜਾਣਗੀਆਂ ਅਤੇ ਮੁਸ਼ਕਲਾਂ ਦਾ ਹੱਲ ਕਰਵਾਉਣ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਉਹ ਭਾਜਪਾ ਦੇ ਵਫ਼ਾਦਾਰ ਸਿਪਾਹੀ ਹੋਣ ਦੇ ਨਾਤੇ ਲੋਕਾਂ ਨੂੰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਚਲਾਈਆਂ ਹੋਈਆਂ ਲੋਕ ਭਲਾਈ ਸਕੀਮਾਂ ਅਤੇ ਸੁਵਿਧਾਵਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਜੱਗਾ ਨੇ ਕਿਹਾ ਕਿ ‘ਆਪ’ ਸਰਕਾਰ ਦੀਆਂ ਮਾੜੀ ਨੀਤੀਆਂ ਅਤੇ ਗ਼ਲਤੀਆਂ ਦੇ ਕਾਰਨ ਰਾਜਪੁਰਾ ਸ਼ਹਿਰ ਅੰਦਰ ਵੱਧ ਰਹੀਆਂ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ, ਨਸ਼ਿਆਂ ਤੇ ਭਿ੍ਰਸ਼ਟਾਚਾਰ ਦੇ ਕਾਰਨ ਸ਼ਹਿਰ ਬਦਨਾਮ ਹੋ ਕੇ ਰਹਿ ਗਿਆ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਸਿੰਘ ਸੰਧੂ, ਪ੍ਰਦੀਪ ਨੰਦਾ, ਦਲਵੀਰ ਸਿੰਘ ਭੰਗੂ, ਜਸਵਿੰਦਰ ਸਿੰਘ ਜੱਸੀ, ਐਡਵੋਕੇਟ ਪਰਮਵੀਰ ਚੌਧਰੀ, ਸੋਨੰੂ ਡਾਲੀਮਾ ਵਿਹਾਰ, ਗੁਰਧਿਆਨ ਸਿੰਘ ਸਮੇਤ ਹੋਰ ਹਾਜ਼ਰ ਸਨ।