ਅਮਲੋਹ, 17 ਜੂਨ (ਕੇਵਲ ਸਿੰਘ, ਅੰਮ੍ਰਿਤ ਸ਼ੇਰਗਿੱਲ)-ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵਲੋਂ ਪਿੰਡ ਲੱਲੋਂ ਖੁਰਦ, ਲਾਡਪੁਰ, ਕੌਲਗੜ੍ਹ ਅਤੇ ਉੱਚੀ ਰੁੜਕੀ ਵਿਖੇ ਵਿਸ਼ੇਸ਼ ‘ਲੋਕ ਮਿਲਣੀ’ ਪ੍ਰੋਗਰਾਮ ਕਰਵਾਏ ਗਏ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਨਾਲ ਰੂ-ਬਰੂ ਹੋ ਕੇ ਉਨ੍ਹਾਂ ਦੀਆਂ ਸਮੱਸਿਆਵਾਂ, ਸੁਝਾਵਾਂ ਅਤੇ ਵਿਕਾਸ ਸਬੰਧੀ ਮੰਗਾਂ ਨੂੰ ਧਿਆਨ ਨਾਲ ਸੁਣਿਆ। ਲੋਕ ਮਿਲਣੀ ਦੌਰਾਨ ਪਿੰਡਾਂ ਦੇ ਵਿਕਾਸ ਕਾਰਜਾਂ, ਬੁਨਿਆਦੀ ਸਹੂਲਤਾਂ ਅਤੇ ਹੋਰ ਜਨਤਕ ਮੁੱਦਿਆਂ ਬਾਰੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਧਾਇਕ ਗੈਰੀ ਬੜਿੰਗ ਨੇ ਮੌਕੇ ’ਤੇ ਹੀ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕਰਨ ਅਤੇ ਬਿਨਾਂ ਕਿਸੇ ਦੇਰੀ ਦੇ ਕੰਮ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦਾ ਉਨ੍ਹਾਂ ਦੇ ਦਰਵਾਜ਼ੇ ’ਤੇ ਪਹੁੰਚ ਕੇ ਹੱਲ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਹਿਣੀ ਅਤੇ ਕਰਨੀ ਵਿਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਹਲਕਾ ਅਮਲੋਹ ਦੇ ਹਰ ਪਿੰਡ ਦਾ ਸਰਬਪੱਖੀ ਵਿਕਾਸ ਯਕੀਨੀ ਬਣਾਇਆ ਜਾਵੇਗਾ ਅਤੇ ਲੋਕ ਭਲਾਈ ਦੇ ਕੰਮ ਪਹਿਲ ਦੇ ਆਧਾਰ ’ਤੇ ਜਾਰੀ ਰਹਿਣਗੇ। ਇਸ ਮੌਕੇ ਲੋਕ ਮਿਲਣੀ ਪੋ੍ਰਗਰਾਮਾਂ ਦੇ ਹਲਕਾ ਇੰਚਾਰਜ ਤੇ ਯੂਥ ਵਿੰਗ ਦੇ ਸੂਬਾ ਜੁਆਇੰਟ ਸੈਕਟਰੀ ਹਰਪ੍ਰੀਤ ਸਿੰਘ ਵਿੱਕੀ ਚਾਹਲ ਸਮੇਤ ਸਮੁੱਚੀ ਲੀਡਰਸ਼ਿਪ ਮੌਜੂਦ ਰਹੀ।