ਫ਼ਤਹਿਗੜ੍ਹ ਸਾਹਿਬ, 18 ਜੁਲਾਈ (ਬਲਜਿੰਦਰ ਸਿੰਘ)-ਸਰਕਾਰੀ ਮੱਛੀ ਪੂੰਗ ਫਾਰਮ ਗੁਣਵੱਤਾ ਵਾਲੇ ਮੱਛੀ ਪੂੰਗ ਦੇ ਉਤਪਾਦਨ, ਮੱਛੀ ਪਾਲਕਾਂ ਦੀ ਸਮਰੱਥਾ ਵਧਾਉਣ ਤੇ ਟਿਕਾਊ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਵਿਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ ਪ੍ਰਗਟਾਵਾ ਡਾਇਰੈਕਟਰ ਤੇ ਵਾਰਡਨ ਮੱਛੀ ਪਾਲਣ ਹਰਦੇਵ ਸਿੰਘ ਗਿੱਲ ਨੇ ਜ਼ਿਲ੍ਹੇ ਦੇ ਪਿੰਡ ਬਾਗੜੀਆ-ਫੱਗਣ ਮਾਜਰਾ ਵਿਖੇ ਸਥਿਤ ਸਰਕਾਰੀ ਮੱਛੀ ਪੂੰਗ ਫਾਰਮ ਦੇ ਦੌਰੇ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਉਪਰਾਲੇ ਸੂਬੇ ਵਿਚ ਮੱਛੀ ਉਤਪਾਦਨ ਵਧਾਉਣ ਤੇ ਮੱਛੀ ਪਾਲਕਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਦੱਸਿਆ ਕਿ ਲਗਪਗ 32 ਏਕੜ ਰਕਬੇ ਵਿਚ ਫੈਲਿਆ ਇਹ ਸਰਕਾਰੀ ਮੱਛੀ ਪੂੰਗ ਫਾਰਮ ਹਰ ਸਾਲ ਲਗਪਗ 1.5 ਕਰੋੜ ਗੁਣਵੱਤਾ ਵਾਲੇ ਮੱਛੀ ਪੂੰਗ ਦਾ ਉਤਪਾਦਨ ਕਰਦਾ ਹੈ, ਜਿਸ ਦੀ ਸਪਲਾਈ ਨਾ ਸਿਰਫ਼ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਸਗੋਂ ਆਸ-ਪਾਸ ਦੇ ਜ਼ਿਲਿ੍ਆਂ ਦੇ ਮੱਛੀ ਪਾਲਕਾਂ ਨੂੰ ਵੀ ਕੀਤੀ ਜਾਂਦੀ ਹੈ। ਇਸ ਮੌਕੇ ਉਨ੍ਹਾਂ ਫਾਰਮ ਵਿਚ ਸਥਾਪਿਤ ਮਾਡਲ ਪ੍ਰਦਰਸ਼ਨੀ ਤਲਾਬ, ਫੀਡ ਮਿੱਲ, ਪਾਣੀ ਤੇ ਮਿੱਟੀ ਜਾਂਚ ਪ੍ਰਯੋਗਸ਼ਾਲਾ ਤੇ ਟ੍ਰੇਨਿੰਗ ਹਾਲ ਦਾ ਜਾਇਜ਼ਾ ਲਿਆ। ਡਾਇਰੈਕਟਰ ਸ. ਗਿੱਲ ਨੇ ਫਾਰਮ ਦੀ ਬਿਹਤਰ ਸਾਂਭ-ਸੰਭਾਲ ਤੇ ਸੁਚਾਰੂ ਕਾਰਗੁਜ਼ਾਰੀ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਬਲਜੋਤ ਕੌਰ, ਸੀਨੀਅਰ ਮੱਛੀ ਪਾਲਣ ਅਫ਼ਸਰ (ਫਾਰਮ) ਦੀ ਮਿਹਨਤ, ਸਮਰਪਣ ਅਤੇ ਕੁਸ਼ਲ ਪ੍ਰਬੰਧਨ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਅਮਰਦੀਪ ਸਿੰਘ ਸਹਾਇਕ ਡਾਇਰੈਕਟਰ ਮੱਛੀ ਪਾਲਣ, ਰਸ਼ੂ ਮਹਿੰਦੀਰੱਤਾ ਸਹਾਇਕ ਡਾਇਰੈਕਟਰ ਮੱਛੀ ਪਾਲਣ ਫ਼ਤਹਿਗੜ੍ਹ ਸਾਹਿਬ, ਬਲਜੋਤ ਕੌਰ ਸੀਨੀਅਰ ਮੱਛੀ ਪਾਲਣ ਅਫ਼ਸਰ (ਫਾਰਮ), ਸੁਖਵਿੰਦਰ ਕੌਰ ਸੀਨੀਅਰ ਮੱਛੀ ਪਾਲਣ ਅਫ਼ਸਰ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।