10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਦਾਣਾ ਮੰਡੀ ਖਮਾਣੋਂ ਵਿਖੇ ਪਈਆਂ ਕਣਕ ਦੀਆਂ ਬੋਰੀਆਂ ਤੁਰੰਤ ਚੁਕਵਾਈਆਂ ਜਾਣ-ਭੁੱਲਰ

ਅਜੀਤ ਡੈਸਕ 23-07-2026
ਖਮਾਣੋਂ, 22 ਜੁਲਾਈ (ਜੋਗਿੰਦਰ ਪਾਲ)–ਆੜ੍ਹਤੀ ਐਸੋਸੀਏਸ਼ਨ ਖਮਾਣੋਂ ਦੇ ਪ੍ਰਧਾਨ ਕੇਵਲਜੀਤ ਸਿੰਘ ਭੁੱਲਰ ਨੇ ਮੰਗ ਕੀਤੀ ਹੈ ਕਿ ਦਾਣਾ ਮੰਡੀ ਖਮਾਣੋਂ ਵਿਖੇ ਮਾਰਕਫੈੱਡ ਖ਼ਰੀਦ ਏਜੰਸੀ ਵਲੋਂ ਖ਼ਰੀਦੀ ਗਈ ਲਗਪਗ 60 ਹਜ਼ਾਰ ਕਣਕ ਦੀਆਂ ਬੋਰੀਆਂ ਅਜੇ ਵੀ ਮੰਡੀ ਵਿਚ ਪਈਆਂ ਹਨ, ਜਿਸ ਕਾਰਨ ਆੜ੍ਹਤੀਆਂ ਅਤੇ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਣਕ ਦੀਆਂ ਬੋਰੀਆਂ ਲੰਬੇ ਸਮੇਂ ਤੋਂ ਨਾ ਚੁੱਕੇ ਜਾਣ ਕਾਰਨ ਮੰਡੀ ਵਿਚ ਥਾਂ ਦੀ ਭਾਰੀ ਘਾਟ ਬਣੀ ਹੋਈ ਹੈ ਅਤੇ ਇਸ ਕਾਰਨ ਇਸ ਵਾਰ ਮੱਕੀ ਦੇ ਸੀਜ਼ਨ ਦੌਰਾਨ ਵੀ ਆੜ੍ਹਤੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਅਤੇ ਮੱਕੀ ਦੀ ਖ਼ਰੀਦ ਵੱਡੇ ਪੱਧਰ ਉੱਤੇ ਪ੍ਰਭਾਵਿਤ ਹੋਈ। ਹੁਣ ਅੱਗੇ ਝੋਨੇ (ਜੀਰੀ) ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਪਰ ਫੜਾਂ ਦੀ ਘਾਟ ਕਾਰਨ ਹਾਲਾਤ ਹੋਰ ਵੀ ਗੰਭੀਰ ਹੋ ਸਕਦੇ ਹਨ। ਕੇਵਲਜੀਤ ਸਿੰਘ ਭੁੱਲਰ ਨੇ ਪੰਜਾਬ ਸਰਕਾਰ ਅਤੇ ਮਾਰਕਫੈੱਡ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਮੰਡੀ ਵਿਚ ਪਈ ਕਣਕ ਦੀਆਂ ਬੋਰੀਆਂ ਨੂੰ ਤੁਰੰਤ ਚੁੱਕਵਾਇਆ ਜਾਵੇ ਤਾਂ ਜੋ ਆਉਣ ਵਾਲੇ ਝੋਨੇ ਦੇ ਸੀਜ਼ਨ ਲਈ ਲੋੜੀਂਦੀ ਜਗ੍ਹਾਂ ਉਪਲਬਧ ਹੋ ਸਕੇ ਅਤੇ ਆੜ੍ਹਤੀਆਂ, ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ, ਕਾਦੀਆਂ ਅਤੇ ਏਕਤਾ (ਸਿੱਧੂਪੁਰ) ਦੇ ਆਗੂ ਵੀ ਇਸ ਸਬੰਧੀ ਮੰਗ ਉਠਾ ਚੁੱਕੇ ਹਨ ਪਰ ਸਬੰਧਿਤ ਵਿਭਾਗ ਵਲੋਂ ਇਨ੍ਹਾਂ ਬੋਰੀਆਂ ਨੂੰ ਹੁਣ ਤੱਕ ਨਹੀਂ ਚੁਕਵਾਇਆ ਗਿਆ। ਉਕਤ ਕਿਸਾਨ ਯੂਨੀਅਨ ਨਾਲ ਸੰਬੰਧਿਤ ਆਗੂਆਂ ਨੇ ਵੀ ਚੇਤਾਵਨੀ ਦਿੱਤੀ ਕਿ ਜੇਕਰ ਆਉਣ ਵਾਲੇ ਦਿਨਾਂ ਦੌਰਾਨ ਇਹ ਸਮੱਸਿਆ ਹੱਲ ਨਾ ਹੋਈ ਤਾਂ ਪ੍ਰਸ਼ਾਸਨ ਅਤੇ ਸੰਬੰਧਿਤ ਵਿਭਾਗ ਖ਼ਿਲਾਫ਼ ਵੱਡਾ ਧਰਨਾ ਦਿੱਤਾ ਜਾਵੇਗਾ।
ਪਿਛਲੀ ਖ਼ਬਰ ਦੋ ਮਹੀਨੇ ਪਹਿਲਾਂ ਬਣੀ ਸੜਕ ਥਾਂ-ਥਾਂ ਤੋਂ ਟੁੱਟਣ ਲੱਗੀ ਅਗਲੀ ਖ਼ਬਰ ਮੀਰੀ ਪੀਰੀ ਖ਼ਾਲਸਾ ਮਾਰਚ ’ਚ ਹਲਕੇ ਦੀ ਸੰਗਤ ਪਰਿਵਾਰਾਂ ਸਮੇਤ ਸ਼ਮੂਲੀਅਤ ਕਰੇ- ਜਥੇ. ਮਕਾਰੋਂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।