ਫ਼ਤਹਿਗੜ੍ਹ ਸਾਹਿਬ, 28 ਜੁਲਾਈ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਨੌਵੀਂ ਪਿੰਡ ਮੁਕਾਰੋਂਪੁਰ ਵਿਖੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ ਤੇ ਪੀ. ਏ. ਸੀ. ਮੈਂਬਰ ਧਰਮ ਸਿੰਘ ਕਲੌੜ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਇਮਾਨ ਸਿੰਘ ਮਾਨ ਨੇ ਪੰਜਾਬ ਯੂਨੀਵਰਸਿਟੀ ਵਿਚ ਆਰ. ਐਸ. ਐਸ. ਵਲੋਂ ਕੈਂਪ ਲਗਾਉਣ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਫ਼ਿਰਕਾਪ੍ਰਸਤ ਸੋਚ ਤਹਿਤ ਪੰਜਾਬ ਦੇ ਭਾਈਚਾਰਕ ਮਾਹੌਲ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਗੁਰੂ ਤੇਗ਼ ਬਹਾਦਰ ਜੀ ਦੇ ਸੰਬੰਧ ਵਿਚ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਦੀ ਆਗਿਆ ਨਾ ਦੇਣਾ ਬਹੁਤ ਹੀ ਮੰਦਭਾਗਾ ਅਤੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਹੈ। ਉਨ੍ਹਾਂ ਬੇਗਮਪੁਰਾ ਖ਼ਾਲਸਾ ਲਹਿਰ ਤੇ ਦਿੱਲੀ-ਫਰੀਦਕੋਟ ਪੇਪਰ ਲੀਕ ਮਾਮਲਿਆਂ ਦੌਰਾਨ ਪ੍ਰਸ਼ਾਸਨ ਤੇ ਪੁਲਿਸ ਵਲੋਂ ਵਿਦਿਆਰਥੀਆਂ ਤੇ ਹੱਕ ਮੰਗ ਰਹੇ ਕਰਮਚਾਰੀਆਂ ’ਤੇ ਕੀਤੇ ਗਏ ਅੱਤਿਆਚਾਰਾਂ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ। ਮੀਟਿੰਗ ਦੌਰਾਨ ਪੰਜਾਬ ਦੇ ਭਖਦੇ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਹਲਕਿਆਂ ਵਿਚ ਦਿੱਤੇ ਜਾਣ ਵਾਲੇ ਧਰਨਿਆਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਇਮਾਨ ਸਿੰਘ ਮਾਨ ਨੇ ਦੱਸਿਆ 8 ਅਗਸਤ ਨੂੰ ਅਹਿਮ ਮੀਟਿੰਗ ਤੋਂ ਧਰਨਾ ਦਿੱਤਾ ਜਾਵੇਗਾ। ਇਸੇ ਤਰ੍ਹਾਂ 10 ਅਗਸਤ ਨੂੰ ਅਮਲੋਹ ਵਿਖੇ ਮੀਟਿੰਗ, 12 ਨੂੰ ਸਰਕਲ ਸਰਹਿੰਦ ਵਿਖੇ ਤੇ 22 ਅਗਸਤ ਨੂੰ ਫ਼ਤਹਿਗੜ੍ਹ ਸਾਹਿਬ ਵਿਖੇ ਵਿਸ਼ਾਲ ਇਕੱਠ ਸੱਦਿਆ ਗਿਆ ਹੈ। ਮੀਟਿੰਗ ਦੇ ਅਖੀਰ ਵਿਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਤੇ ਹੋਰ ਪ੍ਰਮੁੱਖ ਆਗੂਆਂ ਨੂੰ ਵਿਸ਼ੇਸ਼ ਤੌਰ ’ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਬਡਲਾ, ਧਰਮ ਸਿੰਘ ਕਲੌੜ, ਜੋਰਾ ਸਿੰਘ ਮੁਕਾਰੋਂਪੁਰ, ਗੁਰਪ੍ਰੀਤ ਸਿੰਘ ਝਾਂਮਪੁਰ, ਇੰਸਪੈਕਟਰ ਸੁਖਦੀਪ ਸਿੰਘ ਬਸੀ ਪਠਾਣਾਂ, ਅਜੈਬ ਸਿੰਘ ਹਿੰਦੂਪੁਰ, ਦਰਸ਼ਨ ਸਿੰਘ ਪਵਾਲਾ ਪ੍ਰਧਾਨ ਮੁਲਾਜ਼ਮ ਵਿੰਗ ਬੱਸੀ ਪਠਾਣਾਂ, ਜੋਗਿੰਦਰ ਸਿੰਘ ਸੈਂਪਲਾਂ, ਦਲਬੀਰ ਸਿੰਘ ਪਵਾਲਾ, ਅਮਰੀਕ ਸਿੰਘ ਚੁੰਨੀ, ਦਰਸ਼ਨ ਸਿੰਘ ਗੋਪਾਲੋਂ, ਮਸਤਾਨ ਸਿੰਘ, ਬਹਾਦਰ ਸਿੰਘ, ਹਰਪ੍ਰੀਤ ਸਿੰਘ ਬਾਜਵਾ, ਹਰਿੰਦਰਪਾਲ ਸਿੰਘ ਸ਼ਾਹੀ, ਭੁਪਿੰਦਰ ਸਿੰਘ ਫ਼ਤਹਿਪੁਰ ਜ਼ਿਲ੍ਹਾ ਮੀਤ ਪ੍ਰਧਾਨ, ਗਿਆਨ ਸਿੰਘ ਤੇ ਅਜੈਬ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜ਼ਰ ਸਨ।