07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-07-2026

ਪੰਜਾਬ ਦੇ ਕਾਲਜਾਂ ’ਚ ਵਿਦਿਆਰਥੀ ਚੋਣਾਂ ਲਈ ਆਵਾਜ਼ ਬੁਲੰਦ ਕਰਨ ਦਾ ਢੁਕਵਾਂ ਸਮਾਂ-ਪੰਧੇਰ

ਅਜੀਤ ਡੈਸਕ 31-07-2026
ਖਮਾਣੋਂ, 30 ਜੁਲਾਈ (ਜੋਗਿੰਦਰ ਪਾਲ)-ਸੀਨੀਅਰ ਕਾਂਗਰਸੀ ਆਗੂ ਹਰਬੰਸ ਸਿੰਘ ਪੰਧੇਰ ਨੇ ਕਿਹਾ ਕਿ ਪਿਛਲੇ ਦਿਨੀਂ ਜੈਨ.ਜੀ ਦੇ ਮੰਚ ਦੁਆਰਾ ਨਵੀਂ ਦਿੱਲੀ ਦੇ ਜੰਤਰ ਮੰਤਰ ’ਤੇ ਇਕ ਬਹੁਤ ਹੀ ਵਿਲੱਖਣ ਸੰਘਰਸ਼ ਦਾ ਜਲਵਾ ਵੇਖਣ ਨੂੰ ਮਿਲਿਆ ਜਿਸ ਨੇ ਸੱਤਾ ਦੇ ਵੱਖੋ-ਵੱਖਰੇ ਪੱਧਰ ’ਤੇ ਜੱਫਾ ਮਾਰੀ ਬੈਠੇ ਲੋਕਾਂ ਦੁਆਰਾ ਨਵੀਂ ਪੀੜ੍ਹੀ ਬਾਰੇ ਜਾਣ ਬੁੱਝ ਕੇ ਸਿਰਜੇ ‘ਕਾਕਰੋਚ’ ਜਿਹੇ ਹਉਮੈ ਭਰਪੂਰ ਬਿਰਤਾਂਤ ਨੂੰ ਚਕਨਾਚੂਰ ਹੀ ਨਹੀਂ ਕੀਤਾ ਸਗੋਂ ਆਪਣੇ ਆਪ ਨੂੰ ਬੇਹੱਦ ਮਜ਼ਬੂਤ ਸਮਝਦੀ ਮੋਦੀ ਸਰਕਾਰ ਦੀਆਂ ਗੋਡਣੀਆਂ ਲੁਆਉਂਦਿਆ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ। ਉਨ੍ਹਾਂ ਕਿਹਾ ਕਿ ਨੌਜਵਾਨ ਕਿਸੇ ਵੀ ਸਮਾਜ ਦਾ ਕੀਮਤੀ ਸਰਮਾਇਆ ਹੁੰਦੇ ਹਨ ਜਿਨ੍ਹਾਂ ਨੂੰ ਅਗਵਾਈ ਦੇ ਮੌਕੇ ਪ੍ਰਦਾਨ ਕਰਨਾ ਮਾਪਿਆਂ, ਸਮਾਜ ਅਤੇ ਸਰਕਾਰਾਂ ਦਾ ਮੁੱਢਲਾ ਕਾਰਜ ਹੋਣਾ ਚਾਹੀਦਾ ਹੈ ਪਰ ਵਾਪਰ ਬਿਲਕੁਲ ਇਸ ਤੋਂ ਵਿਪਰੀਤ ਰਿਹਾ ਹੈ। ਇਸ ਦੀ ਇਕ ਮਿਸਾਲ ਪਿਛਲੇ 41-42 ਸਾਲਾਂ ਤੋਂ ਪੰਜਾਬ ਦੇ ਸਮੁੱਚੇ ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਦੀਆਂ ਵਿਦਿਆਰਥੀ ਚੋਣਾਂ ਦਾ ਨਾ ਹੋਣਾ ਹੈ, ਜਦੋਂ ਕਿ ਇਹ ਵਿਦਿਆਰਥੀਆਂ ਦਾ ਸੰਵਿਧਾਨਕ ਤੇ ਲੋਕਤੰਤਰੀ ਹੱਕ ਹੈ। ਉਨ੍ਹਾਂ ਆਪਣਾ ਵੇਲਾ ਯਾਦ ਕਰਦਿਆਂ ਕਿਹਾ ਕਿ ਜਦੋਂ ਉਹ ਕਾਲਜ ਦੇ ਪ੍ਰਧਾਨ ਸਨ ਤਾਂ ਉਸ ਵੇਲੇ ਕਾਲਜਾਂ ਜਾਂ ਹੋਰ ਵਿੱਦਿਅਕ ਤੇ ਤਕਨੀਕੀ ਅਦਾਰਿਆਂ ਦਾ ਜਲੌਅ ਹੀ ਵੱਖਰਾ ਸੀ ਅਤੇ ਉਸ ਵਕਤ ਦੀਆਂ ਵਿਦਿਆਰਥੀ ਜਥੇਬੰਦੀਆਂ ਦੇ ਪ੍ਰਧਾਨ ਜਾਂ ਹੋਰ ਅਹੁਦੇਦਾਰ ਅੱਗੇ ਜਾ ਕੇ ਸਿਆਸੀ ਖੇਤਰ ਦੀਆਂ ਨਾਮਵਰ ਸ਼ਖ਼ਸੀਅਤਾਂ ਵਜੋਂ ਉੱਭਰੇ। ਪੰਧੇਰ ਨੇ ਕਿਹਾ ਕਿ ਹੁਣ ਅਸੀਂ ਕਈ ਦਹਾਕਿਆਂ ਤੋਂ ਵੇਖ ਰਹੇ ਹਾਂ ਕਿ ਕੁਝ ਕੁ ਸਿਆਸੀ ਨੇਤਾਵਾਂ ਜਾਂ ਪਾਰਟੀਆਂ ਵਲੋਂ ਆਪਣੇ ਮਤਹਿਤਾਂ ਨੂੰ ਹੀ ਫ਼ਰਜ਼ੀ ਵਿਦਿਆਰਥੀ ਆਗੂਆਂ ਵਜੋਂ ਸਥਾਪਤ ਕੀਤਾ ਜਾ ਰਿਹਾ ਹੈ ਜਿਸ ਦੇ ਫਲਸਰੂਪ ਪੰਜਾਬ ਦੀ ਸਿਆਸਤ ’ਤੇ ਗੈਰ ਸਿਆਸੀ ਕਿਸਮ ਦੇ ਲੋਕ ਕਾਬਜ਼ ਹੋ ਰਹੇ ਹਨ। ਸਿਆਸਤ ਵਿਚ ਜਿੰਨੀ ਗੰਭੀਰਤਾ ਦੀ ਜ਼ਰੂਰਤ ਹੈ ਉਹ ਕਿਧਰੇ ਵੀ ਦਿਖਾਈ ਨਹੀਂ ਦਿੰਦੀ ਸਗੋਂ ਉਸ ਦੀ ਜਗਾ ਸਿਆਸੀ ਆਗੂਆਂ ਵਲ਼ੋਂ ਆਪਣੇ ਚੇਲੇ ਚਾਟੜਿਆਂ ਨੂੰ ਅਹੁਦਿਆਂ ’ਤੇ ਬੁੱਤਾਂ ਦੀ ਤਰ੍ਹਾਂ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਸਿਆਸਤ ਨੂੰ ਸਿਰਫ਼ ਅਹੁਦਿਆਂ, ਟਿਕਟਾਂ, ਸਰਕਾਰੀ ਠੇਕੇ ਪ੍ਰਾਪਤ ਕਰਨ ਜਾਂ ਹੋਰ ਲੁੱਟ-ਖਸੁੱਟ ਕਰਨ ਦੇ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੈਨ-ਜੀ ਦੇ ਦਿੱਲੀ ’ਚ ਹੋਏ ਕਾਮਯਾਬ ਪ੍ਰਦਰਸ਼ਨ ਤੋਂ ਕੁਝ ਆਸ ਦੀ ਕਿਰਨ ਦਿਖਾਈ ਦਿੱਤੀ ਹੈ ਕਿ ਹੁਣ ਵਿਦਿਆਰਥੀ ਖ਼ਾਸ ਕਰਕੇ ਪੰਜਾਬ ਦੇ ਆਪਣੇ ਵਿੱਦਿਅਕ ਅਦਾਰਿਆਂ ’ਚ ਵਿਦਿਆਰਥੀਆਂ ਦੀਆਂ ਕੌਂਸਲ ਚੋਣਾਂ ਕਰਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨਗੇ, ਜਿਹੜਾ ਕਿ ਉਨ੍ਹਾਂ ਦਾ ਬੁਨਿਆਦੀ ਹੱਕ ਹੈ ਤੇ ਪੰਜਾਬ ਦੀ ਗੰਧਲੀ ਹੋ ਚੁੱਕੀ ਸਿਆਸਤ ਨੂੰ ਸੁਧਾਰਨ ਵਿਚ ਆਪਣਾ ਨਿੱਗਰ ਯੋਗਦਾਨ ਪਾਉਣਗੇ।
ਪਿਛਲੀ ਖ਼ਬਰ ਐਡਵੋਕੇਟ ਮਨੀ ਬੜਿੰਗ ਦੇ ਵੇਰਕਾ ਮਿਲਕ ਪਲਾਂਟ ਪਟਿਆਲਾ ਦਾ ਡਾਇਰੈਕਟਰ ਬਣਨ ’ਤੇ ਹਲਕਾ ਅਮਲੋਹ ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਪੰਜਾਬ ਬੰਦ ਦੌਰਾਨ ਸਫ਼ਾਈ ਸੇਵਕਾਂ ਤੇ ਰਾਜਨੀਤਿਕ ਆਗੂਆਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।