ਫ਼ਤਹਿਗੜ੍ਹ ਸਾਹਿਬ, 31 ਜੁਲਾਈ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਦੇ ਮੈਡੀਕਲ ਕਾਲਜ ਤੇ ਹਸਪਤਾਲ ਵਿਖੇ ਮੁਫ਼ਤ ਸਰਜਰੀ ਕੈਂਪ 31 ਅਗਸਤ ਤੱਕ ਵਧਾਇਆ ਗਿਆ, ਜਿਸ ’ਚ ਮਰੀਜ਼ਾਂ ਦਾ ਇਲਾਜ, ਆਯੁਸ਼ਮਾਨ ਕਾਰਡ ਨਾ ਹੋਣ ਦੀ ਸੂਰਤ ਵਿਚ ਵੀ ਬਿਲਕੁਲ ਫ਼੍ਰੀ ਕੀਤਾ ਜਾਵੇਗਾ ਤੇ ਮਰੀਜ਼ਾ ਨੂੰ ਸਿਰਫ਼ ਦਵਾਈਆਂ ਦੇ ਪੈਸੇ ਹੀ ਦੇਣੇ ਪੈਣਗੇ। ਇਹ ਪ੍ਰਗਟਾਵਾ ਪ੍ਰੋ. ਵਾਇਸ ਚਾਂਸਲਰ ਡਾ. ਸੁਨੀਲ ਕਤਿਆਲ ਨੇ ਡਾਕਟਰਾਂ ਦੀ ਟੀਮ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਪ੍ਰੋ. ਵਾਈਸ ਚਾਂਸਲਰ ਡਾ. ਕਤਿਆਲ ਨੇ ਕਿਹਾ ਕਿ ਇਹ ਪਹਿਲਕਦਮੀ ਰਿਮਟ ਯੂਨੀਵਰਸਿਟੀ ਦੇ ਚੇਅਰਮੈਨ ਵਿਜਯੰਤ ਕੁਮਾਰ ਬਾਂਸਲ ਦੀ ਦੂਰਅੰਦੇਸ਼ੀ ਸੋਚ ਦਾ ਨਤੀਜਾ ਹੈ, ਜਿਸ ਦਾ ਉਦੇਸ਼ ਹਰ ਲੋੜਵੰਦ ਵਿਅਕਤੀ ਨੂੰ ਕਿਫ਼ਾਇਤੀ ਤੇ ਪਹੁੰਚਣਯੋਗ ਢੰਗ ਨਾਲ ਮਿਆਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਯੋਗ ਮਰੀਜ਼ਾਂ ਦੀਆਂ ਮੁਫ਼ਤ ਸਰਜਰੀਆਂ ਕੀਤੀਆਂ ਜਾਣਗੀਆਂ। ਮਰੀਜ਼ਾਂ ਨੂੰ ਸਿਰਫ਼ ਦਵਾਈਆਂ ਤੇ ਖਾਣ-ਪੀਣ ਵਾਲੀਆਂ ਵਸਤਾਂ ਦਾ ਖਰਚਾ ਚੁੱਕਣਾ ਪਵੇਗਾ, ਜਦਕਿ ਸਰਜਨ ਦੀ ਫ਼ੀਸ, ਆਪ੍ਰੇਸ਼ਨ ਥੀਏਟਰ, ਨਰਸਿੰਗ ਕੇਅਰ ਤੇ ਸਰਜਰੀ ਨਾਲ ਸੰਬੰਧਿਤ ਹਸਪਤਾਲ ਸੇਵਾਵਾਂ ਮੁਫ਼ਤ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਤੋਂ ਇਲਾਵਾ, ਮੁਫ਼ਤ ਓ. ਪੀ. ਡੀ. ਸਲਾਹ-ਮਸ਼ਵਰਾ, ਨਿਯਮਤ ਲੈਬ ਟੈੱਸਟ ਤੇ ਜ਼ਰੂਰੀ ਡਾਇਗਨੌਸਟਿਕ ਟੈੱਸਟ ਵੀ ਕੀਤੇ ਜਾਣਗੇ। ਡਾ. ਕਤਿਆਲ ਨੇ ਦੱਸਿਆ ਕਿ ਹਸਪਤਾਲ ਆਯੁਸ਼ਮਾਨ ਭਾਰਤ (ਪੀ. ਐਮ-ਜੇਏਵਾਈ) ਤੇ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਸੂਚੀਬੱਧ ਹੈ, ਜਿਸ ਕਾਰਨ ਯੋਗ ਲਾਭਪਾਤਰੀ ਸਕੀਮਾਂ ਅਨੁਸਾਰ ਨਕਦ ਰਹਿਤ ਇਲਾਜ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਰਿਮਟ ਹਸਪਤਾਲ ਮਰੀਜ਼ਾਂ ਨੂੰ ਸਿਹਤਯਾਬ ਬਣਾਉਣ ਲਈ ਵਚਨਬੱਧ ਹੈ, ਜਿੱਥੇ ਆਧੁਨਿਕ ਮਸ਼ੀਨਾਂ ਦੇ ਨਾਲ ਨਾਲ ਜਰਨਲ ਬਿਮਾਰੀਆਂ ਦੇ ਡਾਕਟਰ, ਮੈਡੀਸਨ ਡਾਕਟਰ, ਪਲਾਸਟਿਕ ਸਰਜਰੀ ਡਾਕਟਰ, ਆਰਥੋ, ਗਾਇਨੀ, ਅੱਖਾਂ, ਈ. ਐਨ. ਟੀ., ਬੱਚਿਆਂ ਦੇ ਇਲਾਜ ਦੇ ਮਾਹਿਰ ਡਾਕਟਰ ਹਰ ਸਮੇਂ ਹਾਜ਼ਰ ਰਹਿੰਦੇ ਹਨ। ਇਸ ਮੌਕੇ ਡਾਇਰੈਕਟਰ ਡਾ. ਕੇ. ਸੀ. ਗੋਇਲ ਨੇ ਆਮ ਲੋਕਾਂ ਨੂੰ ਇਸ ਵਿਸ਼ੇਸ਼ ਸਿਹਤ ਸੰਭਾਲ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਕੈਂਪ ਸੈਂਕੜੇ ਲੋੜਵੰਦ ਮਰੀਜ਼ਾਂ ਨੂੰ ਮਿਆਰੀ ਇਲਾਜ ਪ੍ਰਦਾਨ ਕਰਕੇ ਹਸਪਤਾਲ ਦੀ ਸਮਾਜ ਪ੍ਰਤੀ ਸੇਵਾ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗਾ। ਇਸ ਮੌਕੇ ਡਾ. ਨਭਦੀਪ ਸਿੰਘ, ਡਾ.ਦੀਪਿਕਾ, ਡਾ. ਰਾਜਦੀਪ ਸਿੰਘ ਬਾਜਵਾ, ਪ੍ਰੋ. ਗੁਰਦੇਵ ਸਿੰਘ ਆਦਿ ਵੀ ਹਾਜ਼ਰ ਸਨ।