ਖੋਜ ਸਮੱਗਰੀ ਦਾ ਸਕੂਲ ਪੱਧਰ ਤੱਕ ਪਹੁੰਚਣਾ ਬਹੁਤ ਅਹਿਮ-ਡਾ. ਆਨੰਦ ਗੁਪਤਾ
ਫ਼ਤਹਿਗੜ੍ਹ ਸਾਹਿਬ, 14 ਅਗਸਤ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਲੋਂ ਦੋ ਰੋਜ਼ਾ ਖੋਜ ਪ੍ਰਸਾਰ ਸੈਮੀਨਾਰ ਕਰਵਾਇਆ। ਇਸ ਤਹਿਤ ਡਾਈਟ ਵਲੋਂ ਪਿਛਲੇ ਸੈਸ਼ਨ ਦੌਰਾਨ ਕਰਵਾਈਆਂ ਗਈਆਂ ਕਿਰਿਆਤਮਿਕ ਖੋਜਾਂ ਦੇ ਸਿੱਟਿਆਂ ਨੂੰ ਸਕੂਲ ਪੱਧਰ ਤੱਕ ਲੈ ਕੇ ਜਾਣ ਲਈ 17 ਮੈਂਬਰੀ ਰਿਸੋਰਸ ਗਰੁੱਪ ਤਿਆਰ ਕੀਤਾ ਗਿਆ।
ਫ਼ਤਹਿਗੜ੍ਹ ਸਾਹਿਬ, 14 ਅਗਸਤ (ਰਾਜਿੰਦਰ ਸਿੰਘ)-ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਲੋਂ ਦੋ ਰੋਜ਼ਾ ਖੋਜ ਪ੍ਰਸਾਰ ਸੈਮੀਨਾਰ ਕਰਵਾਇਆ। ਇਸ ਤਹਿਤ ਡਾਈਟ ਵਲੋਂ ਪਿਛਲੇ ਸੈਸ਼ਨ ਦੌਰਾਨ ਕਰਵਾਈਆਂ ਗਈਆਂ ਕਿਰਿਆਤਮਿਕ ਖੋਜਾਂ ਦੇ ਸਿੱਟਿਆਂ ਨੂੰ ਸਕੂਲ ਪੱਧਰ ਤੱਕ ਲੈ ਕੇ ਜਾਣ ਲਈ 17 ਮੈਂਬਰੀ ਰਿਸੋਰਸ ਗਰੁੱਪ ਤਿਆਰ ਕੀਤਾ ਗਿਆ। ਸੈਮੀਨਾਰ ਦੇ ਪਹਿਲੇ ਦਿਨ ਸਮੁੱਚੇ ਜ਼ਿਲ੍ਹੇ ਦੇ ਸੈਂਟਰ ਹੈੱਡ ਟੀਚਰਾਂ ਨੂੰ ਸ਼ਾਮਿਲ ਕੀਤਾ। ਇਸ ਦੌਰਾਨ ਪ੍ਰਾਇਮਰੀ ਪੱਧਰ ’ਤੇ ਪੜ੍ਹਾਉਣ ਸਮੇਂ ਆਉਣ ਵਾਲੀਆਂ ਮੁਸ਼ਕਿਲਾਂ ਸੰਬੰਧੀ ਕਰਵਾਈਆਂ ਗਈਆਂ ਕਿਰਿਆਤਮਿਕ ਖੋਜਾਂ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਗਈਆਂ। ਸੈਮੀਨਾਰ ਦੇ ਦੂਜੇ ਦਿਨ ਸਮੁੱਚੇ ਜ਼ਿਲ੍ਹੇ ਦੇ ਪਿ੍ਰੰਸੀਪਲਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਪੱਧਰ ’ਤੇ ਸਕੂਲ ਦੇ ਵਾਤਾਵਰਨ ਵਿਚ ਆਉਣ ਵਾਲੀਆਂ ਮੁਸ਼ਕਿਲਾਂ ’ਤੇ ਆਧਾਰਿਤ ਕਿਰਿਆਤਮਿਕ ਖੋਜਾਂ ਸਾਂਝੀਆਂ ਕੀਤੀਆਂ ਗਈਆਂ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸੰਸਥਾ ਦੇ ਮੁਖੀ ਡਾ. ਆਨੰਦ ਗੁਪਤਾ ਨੇ ਕਿਹਾ ਕਿ ਸਾਡਾ ਮਕਸਦ ਇਨ੍ਹਾਂ ਖੋਜਾਂ ਨੂੰ ਸਕੂਲ ਪੱਧਰ ਤੱਕ ਲੈ ਕੇ ਜਾਣਾ ਹੈ, ਤਾਂ ਜੋ ਵਿਹਾਰਕ ਰੂਪ ਵਿਚ ਇਨ੍ਹਾਂ ਖੋਜਾਂ ਦਾ ਅਧਿਆਪਕਾਂ, ਪਿ੍ਰੰਸੀਪਲਾਂ ਤੇ ਵਿਦਿਆਰਥੀਆਂ ਨੂੰ ਲਾਭ ਹੋ ਸਕੇ। ਕੰਵਲਦੀਪ ਸਿੰਘ ਸੋਹੀ ਨੇ ਕਿਹਾ ਕਿ ਉਂਞ ਤਾਂ ਹਰ ਮਨੁੱਖ ਆਪਣੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਬਾਰੇ ਗੈਰ-ਰਸਮੀ ਤਰੀਕੇ ਨਾਲ ਖੋਜ-ਪੜਤਾਲ ਕਰਦਾ ਹੋਇਆ ਉਨ੍ਹਾਂ ਦੇ ਹੱਲ ਲੱਭਦਾ ਹੈ, ਪਰ ਡਾਈਟ ਵਲੋਂ ਇਕ ਵਿਵਸਥਿਤ ਤਰੀਕੇ ਨਾਲ ਇਨ੍ਹਾਂ ਸਾਰੀਆਂ ਮੁਸ਼ਕਿਲਾਂ ’ਤੇ ਕਿਰਿਆਤਮਿਕ ਖੋਜਾਂ ਕਰਵਾਈਆਂ ਗਈਆਂ ਹਨ, ਜੋ ਆਪਣੇ ਆਪ ਵਿਚ ਇਕ ਬਹੁਤ ਮਹੱਤਵਪੂਰਨ ਕਾਰਜ ਹੈ। ਡਾਈਟ ਦੇ ਖੋਜ ਕੋਆਰਡੀਨੇਟਰ ਡਾ. ਕੁਲਦੀਪ ਸਿੰਘ, ਸਹਾਇਕ ਕੋਆਰਡੀਨੇਟਰ ਤੇ ਨਰਿੰਦਰ ਕੌਰ ਨੇ ਦੱਸਿਆ ਕਿ ਪਹਿਲੇ ਦਿਨ ਪੇਸ਼ ਕੀਤੀਆਂ ਗਈਆਂ ਖੋਜਾਂ ਵਿਚ ਡਾ. ਸੋਨੀਆ ਸੋਹਲ, ਦੇਵੀ ਲਾਲ, ਆਸ਼ੂਤੋਸ਼, ਸੁਜਾਦ ਅਲੀ, ਤਨਵੀਰ ਸਿੰਘ, ਰਾਜਵਿੰਦਰ ਕੌਰ, ਹਰਦੀਪ ਕੌਰ, ਰਾਜੀਵ ਕੁਮਾਰ, ਅਨਵਰ ਹੁਸੈਨ, ਨਰਿੰਦਰ ਕੌਰ, ਡਾ. ਕੁਲਦੀਪ ਸਿੰਘ ਦੀਪ ਅਤੇ ਅੰਮ੍ਰਿਤਪਾਲ ਸਿੰਘ ਨੇ ਆਪਣੀਆਂ ਖੋਜਾਂ ਦੀ ਪੇਸ਼ਕਾਰੀ ਕੀਤੀ। ਇਸੇ ਤਰ੍ਹਾਂ ਦੂਜੇ ਦਿਨ ਦੇ ਸੈਮੀਨਾਰ ਵਿਚ ਵੰਦਨਾ ਚੋਪੜਾ, ਹਰਪ੍ਰੀਤ ਕੌਰ, ਡਾ. ਗੌਰਵੀ ਸ਼ਰਮਾ, ਕੰਵਲਦੀਪ ਸਿੰਘ ਸੋਹੀ, ਮਨਿੰਦਰ ਸਿੰਘ, ਹਰਜੋਤ ਕੌਰ, ਹਰਮਿੰਦਰ ਕੌਰ, ਨਰਿੰਦਰ ਕੌਰ, ਏਂਜਲ, ਹਰਪ੍ਰੀਆ ਧੀਮਾਨ, ਰਾਹੀ ਸੇਤੀਆ, ਰਾਜਵੀਰ ਕੌਰ, ਡਾ. ਜਗਦੀਪ ਕੌਰ ਅਤੇ ਅੰਮ੍ਰਿਤ ਪਾਲ ਕੌਰ ਨੇ ਆਪਣੀਆਂ ਕਿਰਿਆਤਮਿਕ ਖੋਜਾਂ ਦੀ ਪਾਵਰ-ਪੁਆਇੰਟ ਪੇਸ਼ਕਾਰੀ ਰਾਹੀਂ ਸਾਂਝ ਪਾਈ। ਡਾਈਟ ਫੈਕਲਟੀ ਤਨਵੀਰ ਸਿੰਘ ਨੇ ਸਮੁੱਚੀ ਖੋਜ ਨੂੰ ਤਰਤੀਬ ਬੱਧ ਕਰਕੇ ਸੰਚਾਲਿਤ ਕੀਤਾ।