ਮਾਤਾ ਗੁਜਰੀ ਕਾਲਜ ਵਿਖੇ ਸੈਸ਼ਨ 2026-27 ਦੀ ਆਰੰਭਤਾ ਮੌਕੇ ਗੁਰਮਤਿ ਸਮਾਗਮ ਕਰਵਾਇਆ
ਫ਼ਤਹਿਗੜ੍ਹ ਸਾਹਿਬ, 14 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਆਰੰਭਤਾ ਮੌਕੇ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸ੍ਰੀ ਜਪੁਜੀ ਸਾਹਿਬ ਤੇ ਸ੍ਰੀ ਚੌਪਈ ਸਾਹਿਬ ਦੇ ਸਮੂਹਿਕ ਪਾਠ ਸ਼ਰਧਾ ਭਾਵਨਾ ਨਾਲ ਕੀਤੇ ਗਏ।
ਫ਼ਤਹਿਗੜ੍ਹ ਸਾਹਿਬ, 14 ਅਗਸਤ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਆਰੰਭਤਾ ਮੌਕੇ ਗੁਰਮਤਿ ਸਮਾਗਮ ਕਰਵਾਇਆ। ਇਸ ਮੌਕੇ ਕਾਲਜ ਦੇ ਸਟਾਫ਼ ਤੇ ਵਿਦਿਆਰਥੀਆਂ ਵਲੋਂ ਸ੍ਰੀ ਜਪੁਜੀ ਸਾਹਿਬ ਤੇ ਸ੍ਰੀ ਚੌਪਈ ਸਾਹਿਬ ਦੇ ਸਮੂਹਿਕ ਪਾਠ ਸ਼ਰਧਾ ਭਾਵਨਾ ਨਾਲ ਕੀਤੇ ਗਏ। ਗੁਰਮਤਿ ਸਮਾਗਮ ਵਿਚ ਮਾਤਾ ਗੁਜਰੀ ਕਾਲਜ ਦੀ ਗਵਰਨਿੰਗ ਬਾਡੀ ਦੇ ਮੈਂਬਰ ਤੇ ਜ਼ਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਭੁੱਟਾ ਨੇ ਜਿੱਥੇ ਕਾਲਜ ਵਿਚ ਦਾਖ਼ਲਾ ਲੈਣ ਵਾਲੇ ਨਵੇਂ ਵਿਦਿਆਰਥੀਆਂ ਨੂੰ ਜੀਵਨ ਵਿਚ ਉੱਚੇ ਟੀਚੇ ਨਿਰਧਾਰਿਤ ਕਰਨ ਅਤੇ ਲੋਕ ਭਲਾਈ ਦੇ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ, ਉੱਥੇ ਨਾਲ ਹੀ ਕਾਲਜ ਦੀ ਪ੍ਰਬੰਧਕੀ ਟੀਮ ਵਲੋਂ ਨਵੇਂ ਅਕਾਦਮਿਕ ਵਰ੍ਹੇ ਲਈ ਕੀਤੇ ਗਏ ਉਸਾਰੂ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਕਾਲਜ ਦੀ ਤਰੱਕੀ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਕਾਲਜ ਦੇ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਗੁਰੂ ਸਾਹਿਬਾਨ, ਮਾਤਾ ਗੁਜਰੀ ਜੀ ਤੇ ਮਹਾਨ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਅਮੀਰ ਗੌਰਵਮਈ ਇਤਿਹਾਸ ਤੇ ਧਾਰਮਿਕ ਵਿਰਸੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਕਾਲਜ ਪ੍ਰਿੰਸੀਪਲ ਨੇ ਕਿਹਾ ਕਿ ਮਾਤਾ ਗੁਜਰੀ ਕਾਲਜ ਵਿਖੇ ਹੋਣ ਵਾਲੀਆਂ ਧਾਰਮਿਕ ਗਤੀਵਿਧੀਆਂ ਵਿਦਿਆਰਥੀਆਂ ਦੀ ਅਧਿਆਤਮਕ ਉੱਨਤੀ ਵਿਚ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਮਾਤਾ ਗੁਜਰੀ ਸਟੱਡੀ ਸਰਕਲ ਦੇ ਕਨਵੀਨਰ ਤੇ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਬਾਜ਼ ਸਿੰਘ ਨੇ ਦੱਸਿਆ ਕਿ ਇਸ ਗੁਰਮਤਿ ਸਮਾਗਮ ਵਿਚ ਸਟੱਡੀ ਸਰਕਲ, ਐਨ. ਐਸ. ਐਸ. ਤੇ ਐਨ. ਸੀ. ਸੀ. ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਜਿਸ ਵਿਚ ਉਨ੍ਹਾਂ ਨੇ ਲੰਗਰ ਵਰਤਾਉਣ ਤੇ ਭਾਂਡਿਆਂ ਦੀ ਸੇਵਾ ਵਿਚ ਅਹਿਮ ਯੋਗਦਾਨ ਪਾਇਆ। ਕਾਲਜ ਦੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਨੇ ਇਲਾਹੀ ਕੀਰਤਨ ਕਰਕੇ ਤੇ ਪੱਤਰਕਾਰੀ ਵਿਭਾਗ ਦੇ ਵਿਦਿਆਰਥੀਆਂ ਨੇ ਸਮਾਗਮ ਦੀ ਪ੍ਰੈੱਸ ਕਵਰੇਜ ਕਰਕੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦੇ ਕੰਟਰੋਲਰ ਪ੍ਰੀਖਿਆਵਾਂ ਡਾ.ਹਰਜੀਤ ਸਿੰਘ , ਡਾ. ਜਗਦੀਸ਼ ਸਿੰਘ, ਡਾ. ਤੇਜਿੰਦਰ ਸਿੰਘ, ਡਾ. ਜਗਪਾਲ ਸਿੰਘ, ਡਾ. ਦਵਿੰਦਰ ਸਿੰਘ, ਡਾ. ਸੀਮਾ ਰਾਣੀ, ਡਾ.ਜੁਝਾਰ ਸਿੰਘ, ਪ੍ਰੋ.ਹਰਭਿੰਦਰ ਸਿੰਘ, ਡਾ. ਗਗਨਦੀਪ ਸਿੰਘ, ਡਾ. ਪੁਸ਼ਪਿੰਦਰ ਸਿੰਘ, ਡਾ.ਹਰਗੁਣਪ੍ਰੀਤ ਸਿੰਘ, ਹੋਰ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।