ਰੇਲਵੇ ਰੋਡ ਸਰਹਿੰਦ ਦੇ ਡਾਕ ਘਰ ਨੂੰ ਬੰਦ ਕਰਨ ਦੇ ਵਿਰੋਧ ’ਚ ਲੋਕਾਂ ਨੇ ਦਿੱਤਾ ਧਰਨਾ
ਫ਼ਤਹਿਗੜ੍ਹ ਸਾਹਿਬ, 14 ਸਤੰਬਰ (ਬਲਜਿੰਦਰ ਸਿੰਘ)- ਡਾਕ ਵਿਭਾਗ ਵਲੋਂ ਰੇਲਵੇ ਰੋਡ ਸਰਹਿੰਦ ਸਥਿਤ ਡਾਕਘਰ ਨੂੰ ਸਰਹਿੰਦ ਮੰਡੀ ਦੇ ਮੁੱਖ ਡਾਕ ਘਰ ਵਿਚ ਮਿਲਾਉਣ ਦੇ ਵਿਰੋਧ ਵਿਚ ਹਮਾਯੂੰਪੁਰ ਦੇ ਸੀਨੀਅਰ ਸਿਟੀਜ਼ਨਾਂ ਅਤੇ ਆਮ ਲੋਕਾਂ ਵਲੋਂ ਡਾਕਖ਼ਾਨੇ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵਿੱਕੀ ਰਾਏ ਨੇ ਕਿਹਾ ਕਿ ਇਹ ਡਾਕਘਰ ਪਿਛਲੇ 40-45 ਸਾਲਾਂ ਤੋਂ ਕੰਮ ਕਰ ਰਿਹਾ ਹੈ।
ਫ਼ਤਹਿਗੜ੍ਹ ਸਾਹਿਬ, 14 ਸਤੰਬਰ (ਬਲਜਿੰਦਰ ਸਿੰਘ)- ਡਾਕ ਵਿਭਾਗ ਵਲੋਂ ਰੇਲਵੇ ਰੋਡ ਸਰਹਿੰਦ ਸਥਿਤ ਡਾਕਘਰ ਨੂੰ ਸਰਹਿੰਦ ਮੰਡੀ ਦੇ ਮੁੱਖ ਡਾਕ ਘਰ ਵਿਚ ਮਿਲਾਉਣ ਦੇ ਵਿਰੋਧ ਵਿਚ ਹਮਾਯੂੰਪੁਰ ਦੇ ਸੀਨੀਅਰ ਸਿਟੀਜ਼ਨਾਂ ਅਤੇ ਆਮ ਲੋਕਾਂ ਵਲੋਂ ਡਾਕਖ਼ਾਨੇ ਦੇ ਬਾਹਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਵਿੱਕੀ ਰਾਏ ਨੇ ਕਿਹਾ ਕਿ ਇਹ ਡਾਕਘਰ ਪਿਛਲੇ 40-45 ਸਾਲਾਂ ਤੋਂ ਕੰਮ ਕਰ ਰਿਹਾ ਹੈ। ਲੋਕਾਂ ਅਤੇ ਸੀਨੀਅਰ ਸਿਟੀਜ਼ਨਾਂ ਵਲੋਂ ਵੱਡੀ ਗਿਣਤੀ ਵਿਚ ਇਸ ਡਾਕ ਘਰ ਵਿਚ ਨਿਵੇਸ਼ ਕੀਤਾ ਜਾਂਦਾ ਹੈ। ਇਹ ਡਾਕ ਘਰ ਰੇਲਵੇ ਰੋਡ ਹਮਾਯੂੰਪੁਰ, ਸਾਨੀਪੁਰ ਅਤੇ 15 ਦੇ ਕਰੀਬ ਹੋਰ ਪਿੰਡਾਂ ਦੇ ਲੋਕਾਂ ਨੂੰ ਵੀ ਸਹੂਲਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਡਾਕ ਵਿਭਾਗ ਆਪਣਾ 100 ਸਾਲਾ ਸਥਾਪਨਾ ਦਿਵਸ ਮਨਾ ਰਿਹਾ ਹੈ ਅਤੇ ਦੂਜੇ ਪਾਸੇ ਡਾਕ ਘਰ ਬੰਦ ਕਰਕੇ ਲੋਕਾਂ ਲਈ ਮੁਸ਼ਕਿਲ ਪੇਸ਼ ਕਰ ਰਿਹਾ ਹੈ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਸਿੰਗਲਾ ਨੇ ਕਿਹਾ ਕਿ ਇਸ ਡਾਕਘਰ ਵਿਚ ਬਜ਼ੁਰਗ, ਮਹਿਲਾਵਾਂ ਅਤੇ ਨੌਜਵਾਨਾਂ ਵਲੋਂ ਵੱਡੀ ਮਾਤਰਾ ਵਿਚ ਵਿਦੇਸ਼ਾਂ ਨੂੰ ਪਾਰਸਲ ਵੀ ਭੇਜੇ ਜਾਂਦੇ ਹਨ। ਡਾਕ ਘਰ ਦੇ ਬੰਦ ਹੋਣ ਨਾਲ ਲੋਕਾਂ ਨੂੰ ਪੁਲ ਪਾਰ ਕਰਕੇ ਮੁੱਖ ਡਾਕ ਘਰ ਆਉਣਾ ਪਵੇਗਾ ਜਿੱਥੇ ਪਾਰਕਿੰਗ ਦੇ ਨਾਲ-ਨਾਲ ਹੋਰ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਵੇਗਾ। ਇਸ ਦੇ ਨਾਲ-ਨਾਲ ਸਮਾਲ ਸੇਵਿੰਗ ਏਜੰਟਾਂ ਦਾ ਕੰਮ ਵੀ ਪ੍ਰਭਾਵਿਤ ਹੋਵੇਗਾ, ਜੋ ਵੱਡੀ ਮਾਤਰਾ ਵਿਚ ਲੋਕਾਂ ਤੋਂ ਪੈਸੇ ਇਕੱਠੇ ਕਰਕੇ ਡਾਕ ਘਰ ਵਿਚ ਜਮਾਂ ਕਰਵਾਉਂਦੇ ਹਨ। ਇਸ ਮੌਕੇ ’ਤੇ ਹੰਸਰਾਜ, ਮੋਹਿਤ ਸੂਦ, ਬਲਦੇਵ ਸਿੰਘ, ਧਰਮਪਾਲ, ਮਨੋਜ ਬਿੰਬਰਾ, ਯੋਗੇਸ਼ ਬਿੰਬਰਾ, ਗੁਲਸ਼ਨ ਰਾਏ ਬੌਬੀ, ਇੰਦਰਪ੍ਰੀਤ ਬਖਸ਼ੀ, ਬਲਵੰਤ ਸਿੰਘ ਗੋਗੀ, ਸਪਨਾ ਸੂਦ ਨੇ ਕਿਹਾ ਕਿ ਡਾਕ ਵਿਭਾਗ ਨੂੰ ਇਸ ਫੈਸਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੇ ਇਸ ਡਾਕ ਘਰ ਨੂੰ ਇੱਥੋਂ ਤਬਦੀਲ ਨਾ ਕੀਤਾ ਜਾਵੇ। ਇਸ ਮਾਮਲੇ ਸਬੰਧੀ ਡਾਕ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸੰਪਰਕ ਨਹੀਂ ਹੋ ਸਕਿਆ।