18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪੰਜਾਬ ਸਰਕਾਰ ਮੰਡੀਆਂ ਵਿਚੋਂ ਝੋਨੇ ਦੀ ਖ਼ਰੀਦ ਬੰਦ ਕਰਨ ਦੇ ਨਾਦਰਸ਼ਾਹੀ ਫ਼ਰਮਾਨ ਵਾਪਸ ਲਵੇ-ਬੀ.ਕੇ.ਯੂ ਏਕਤਾ ਸਿੱਧੂਪੁਰ

ਫ਼ਤਹਿਗੜ੍ਹ ਸਾਹਿਬ, 17 ਨਵੰਬਰ (ਸੁਰਜੀਤ ਸਿੰਘ ਸਾਹੀ)-ਬੀ. ਕੇ.

ਅਜੀਤ ਡੈਸਕ 18-11-2026
ਫ਼ਤਹਿਗੜ੍ਹ ਸਾਹਿਬ, 17 ਨਵੰਬਰ (ਸੁਰਜੀਤ ਸਿੰਘ ਸਾਹੀ)-ਬੀ.ਕੇ.ਯੂ (ਏਕਤਾ ਸਿੱਧੂਪੁਰ) ਵਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਬੈਨਰ ਹੇਠ ਪੰਜਾਬ ਭਰ ਵਿਚ ਡਿਪਟੀ ਕਮਿਸ਼ਨਰਾਂ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਮ ਝੋਨੇ ਦਾ ਦਾਣਾ-ਦਾਣਾ ਐਮ.ਐਸ.ਪੀ ਉੱਪਰ ਖ਼ਰੀਦਣ ਤੱਕ ਮੰਡੀਆਂ ਚਾਲੂ ਰੱਖਣ, ਸਹਿਕਾਰੀ ਸਭਾਵਾਂ ਵਿਚ ਕਿਸਾਨਾਂ ਨੂੰ ਮਿਲਣ ਵਾਲੇ ਹੱਦ ਕਰਜ਼ੇ ਦੇਣ ਲਈ ਸਰਕਾਰ ਵਲੋਂ ਲਾਗੂ ਕੀਤੀਆਂ ਨਵੀਆਂ ਸ਼ਰਤਾਂ ਨੂੰ ਰੱਦ ਕਰਨ ਵਾਸਤੇ ਅਤੇ ਪੰਜਾਬ ਸਰਕਾਰ ਵਲੋਂ ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਗ੍ਰੀਨ ਟ੍ਰਿਬਿਊਨਲ ਵਲੋਂ ਕਿਸਾਨਾਂ ਨੂੰ ਪਰਾਲੀ ਦੀ ਸਾਂਭ ਸੰਭਾਲ ਲਈ ਮੁਫ਼ਤ ਵਿਚ ਮਸ਼ੀਨਰੀ, ਡੀਜ਼ਲ ਖ਼ਰਚ ਲਈ ਵਿੱਤੀ ਸਹਾਇਤਾ ਦੇਣ ਦੇ ਹੁਕਮਾਂ ਨੂੰ ਦਰ ਕਿਨਾਰ ਕਰਕੇ ਕਿਸਾਨਾਂ ਉੱਪਰ ਕੀਤੇ ਜਾ ਰਹੇ ਪਰਚਿਆਂ, ਰੈੱਡ ਐਂਟਰੀਆਂ ਤੇ ਜੁਰਮਾਨਿਆਂ ਨੂੰ ਰੱਦ ਕਰਨ ਸਬੰਧੀ ਮੰਗ ਪੱਤਰ ਦਿੱਤੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਜ਼ਿਲ੍ਹਾ ਪ੍ਰਧਾਨ ਗੁਰਜਿੰਦਰ ਸਿੰਘ ਖ਼ੋਜੇ ਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਜ਼ਿਲਿ੍ਹਆਂ ਨੂੰ ਵੱਖ-ਵੱਖ ਜ਼ੋਨਾਂ ਵਿਚ ਵੰਡ ਕੇ ਇਕ ਜੂਨ ਤੋਂ ਪੰਜਾਬ ਵਿਚ ਝੋਨੇ ਦੀ ਲਵਾਈ ਸ਼ੁਰੂ ਕੀਤੀ ਗਈ ਸੀ ਅਤੇ ਪੰਜਾਬ ਵਿਚ ਝੋਨੇ ਦੀ ਲਵਾਈ ਦਾ ਕੰਮ ਕਰੀਬ ਦੋ ਮਹੀਨੇ ਤੋਂ ਵੱਧ ਸਮੇਂ ਦੇ ਵਿਚ ਪੂਰਾ ਹੋਇਆ ਸੀ ਅਤੇ ਜਿਵੇਂ-ਜਿਵੇਂ ਝੋਨੇ ਦੀ ਲਵਾਈ ਹੁੰਦੀ ਗਈ, ਸਮੇਂ ਦੇ ਮੁਤਾਬਿਕ ਹੀ ਹੁਣ ਝੋਨੇ ਦੀਆਂ ਵੱਖ-ਵੱਖ ਕਿਸਮਾਂ ਪੱਕ ਰਹੀਆਂ ਹਨ ਅਤੇ ਜੇਕਰ ਪੀ.ਏ.ਯੂ ਵਲੋਂ ਵਿਕਸਿਤ ਕੀਤੀਆਂ ਆਪਣੀਆਂ ਪੀ.ਆਰ ਕਿਸਮਾਂ ਦੇ ਪੱਕਣ ਦੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ 123 ਦਿਨ ਤੋਂ ਲੈ ਕੇ 140 ਦਿਨ ਤੱਕ ਯੂਨੀਵਰਸਿਟੀ ਦੀਆਂ ਆਪਣੀਆਂ ਕਿਸਮਾਂ ਪੱਕਣ ਵਿਚ ਸਮਾਂ ਲੈਂਦੀਆਂ ਹਨ ਅਤੇ ਪੂਸਾ ਯੂਨੀਵਰਸਿਟੀ ਵਲੋਂ ਵਿਕਸਿਤ ਕੀਤੀਆਂ ਕਈ ਕਿਸਮਾਂ ਇਸ ਤੋਂ ਵੀ ਵੱਧ ਸਮਾਂ ਪੱਕਣ ਲਈ ਲੈਂਦੀਆਂ ਹਨ ਜਿੰਨ੍ਹਾ ਦੀ ਲਵਾਈ ਵੀ ਪੰਜਾਬ ਵਿਚ ਵੱਡੇ ਪੱਧਰ ਉੱਪਰ ਹੁੰਦੀ ਹੈ। ਪ੍ਰੰਤੂ ਪੰਜਾਬ ਸਰਕਾਰ ਵਲੋਂ ਜ਼ਮੀਨੀ ਹਕੀਕਤ ਨੂੰ ਦਰਕਿਨਾਰ ਕਰਦੇ ਹੋਏ ਮੰਡੀਆਂ ਨੂੰ ਬੰਦ ਕਰਕੇ ਝੋਨੇ ਦੀ ਸਰਕਾਰੀ ਖ਼ਰੀਦ ਬੰਦ ਕਰਨ ਦੇ ਨਾਦਰਸ਼ਾਹੀ ਫ਼ਰਮਾਨ ਜਾਰੀ ਕਰ ਦਿੱਤੇ ਗਏ ਹਨ। ਜਦੋਂ ਕਿ ਵੱਡੀ ਤਾਦਾਦ ਵਿਚ ਕਿਸਾਨਾਂ ਦਾ ਝੋਨਾਂ ਅਜੇ ਖੇਤਾਂ ਵਿਚ ਖੜ੍ਹਾ ਹੈ ਅਤੇ ਸਰਕਾਰੀ ਖ਼ਰੀਦ ਨਾਂ ਹੋਣ ਕਾਰਨ ਵੱਡੀ ਮਾਤਰਾ ਵਿਚ ਝੋਨਾ ਮੰਡੀਆਂ ਵਿਚ ਵੀ ਪਿਆ ਹੈ। ਇਸ ਲਈ ਸਰਕਾਰ ਤੁਰੰਤ ਸਰਕਾਰੀ ਖ਼ਰੀਦ ਨੂੰ ਚਾਲੂ ਕਰਕੇ ਕਿਸਾਨਾਂ ਦੇ ਝੋਨੇ ਦੀ ਫ਼ਸਲ ਖ਼ਰੀਦ ਕਰੇ। ਗੁਰਜਿੰਦਰ ਸਿੰਘ ਖ਼ੋਜੇ ਮਾਜਰਾ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਸਾਰੀਆਂ ਫ਼ਸਲਾਂ ਦੇ ਭਾਅ ਡਾ. ਸਵਾਮੀ ਨਾਥਨ ਕਮਿਸ਼ਨ ਦੇ ਫ਼ਾਰਮੂਲੇ ਅਨੁਸਾਰ ਨਾਂ ਮਿਲਣ ਕਰਕੇ ਆਰਥਿਕ ਬੋਝ-ਥੱਲੇ ਦੱਬਿਆ ਪਿਆ ਹੈ ਪ੍ਰੰਤੂ ਪੰਜਾਬ ਸਰਕਾਰ ਵਲੋਂ ਸਹਿਕਾਰੀ ਅਦਾਰੇ ਕੋ ਆਪ੍ਰੇਟਿਵ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਫ਼ਸਲੀ ਹੱਦ ਕਰਜ਼ੇ ਲਈ ਕਮਰਸ਼ੀਅਲ ਬੈਂਕਾਂ ਦੀ ਤਰ੍ਹਾਂ ਹੀ ਜ਼ਮੀਨ ਗਹਿਣੇ ਕਰਨ, ਕਿਸਾਨ ਦੇ ਸੁਸਾਇਟੀ ਵਿੱਚ ਜਮਾਂ ਹਿੱਸੇ ਦੀ ਰਕਮ ਨੂੰ ਵਧਾਉਣ ਅਤੇ ਕਿਸਾਨਾਂ ਨੂੰ ਮਿਲਣ ਵਾਲੀ ਹੱਦ ਕਰਜ਼ੇ ਦੀ ਰਕਮ ਨੂੰ ਘਟਾਉਣ ਆਦਿ ਦੀਆਂ ਨਵੀਆਂ ਸ਼ਰਤਾਂ ਲਾਗੂ ਕਰਨ ਦੇ ਹੁਕਮ ਕਰ ਦਿੱਤੇ ਗਏ ਹਨ ਇਸ ਲਈ ਪੰਜਾਬ ਸਰਕਾਰ ਆਪਣੇ ਇਸ ਨਾਦਰਸ਼ਾਹੀ ਫ਼ਰਮਾਨ ਨੂੰ ਵਾਪਸ ਲਵੇ ਅਤੇ ਕਿਸਾਨਾਂ ਨੂੰ ਫ਼ਸਲੀ ਹੱਦ ਕਰਜ਼ਾ ਪਹਿਲਾਂ ਦੀ ਤਰ੍ਹਾਂ ਹੀ ਪੁਰਾਣੀ ਨੀਤੀ ਤਹਿਤ ਦਿੱਤੇ ਜਾਣ। ਉੱਤਮ ਸਿੰਘ ਬਰਵਾਲ਼ੀ ਜ਼ਿਲ੍ਹਾ ਮੀਤ ਪ੍ਰਧਾਨ ਨੇ ਇਸ ਮੌਕੇ ਕਿਹਾ ਕਿ ਕੋਆਪਰੇਟਿਵ ਸੁਸਾਇਟੀਆਂ ਕਿਸਾਨਾਂ ਨੂੰ ਬਾਜ਼ਾਰ ਦੀ ਆਰਥਿਕ ਲੁੱਟ ਤੋਂ ਬਚਾਉਣ ਲਈ ਅਤੇ ਕਿਸਾਨਾਂ ਨੂੰ ਸਸਤਾ ਅਤੇ ਅਸਲੀ ਬੀਜ, ਖਾਦ ਆਦਿ ਮੁਹੱਈਆ ਕਰਵਾਉਣ ਵਾਸਤੇ ਹੋਂਦ ਵਿਚ ਆਈਆਂ ਸਨ ਪ੍ਰੰਤੂ ਕੋਆਪਰੇਟਿਵ ਸੁਸਾਇਟੀਆਂ ਵਿਚ ਵੀ ਬਾਜ਼ਾਰ ਦੀ ਤਰ੍ਹਾਂ ਹੀ ਖਾਦਾਂ ਦੇ ਨਾਲ ਟੈਗਿੰਗ ਕਰਕੇ ਵਾਧੂ ਸਮਾਨ ਦਿੱਤਾ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਤੁਰੰਤ ਕੇਂਦਰੀ ਖੇਤੀਬਾੜੀ ਮੰਤਰਾਲੇ ਵਲੋਂ ਟੈਗਿੰਗ ਵਿਰੁੱਧ ਦਿੱਤੇ ਗਏ ਹੁਕਮਾਂ ਨੂੰ ਲਾਗੂ ਕਰਦੇ ਹੋਏ ਸੁਸਾਇਟੀਆਂ ਰਾਹੀਂ ਦਿੱਤੇ ਜਾਣ ਵਾਲੇ ਬੀਜ, ਖਾਦ ਆਦਿ ਨਾਲ ਕਿਸੇ ਵੀ ਤਰ੍ਹਾਂ ਦੀ ਟੈਗਿੰਗ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਜਾਰੀ ਕਰੇ ਅਤੇ ਕਿਸਾਨਾਂ ਨੂੰ ਖਾਦਾਂ ਨਾਲ ਟੈਗਿੰਗ ਕਰਕੇ ਵਾਧੂ ਸਮਾਨ ਦੇਣ ਵਾਲੇ ਅਧਿਕਾਰੀਆਂ ਉੱਪਰ ਤੁਰੰਤ ਕਾਰਵਾਈ ਕੀਤੀ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਸਾਨੀ ਅੰਦੋਲਨ ਸਮੇਂ ਖੇਤੀ ਖੇਤਰ ਨੂੰ ਪ੍ਰਦੂਸ਼ਣ ਐਕਟ ਤੋਂ ਬਾਹਰ ਰੱਖਣ ਦੀ ਗੱਲ ਨੂੰ ਮੰਨਿਆ ਗਿਆ ਸੀ ਅਤੇ ਮਾਣਯੋਗ ਗ੍ਰੀਨ ਟ੍ਰਿਬਿਊਨਲ ਦੇ ਜੱਜ, ਕੇਂਦਰ ਸਰਕਾਰ ਵਲੋਂ ਵੀ ਇਸ ਗੱਲ ਨੂੰ ਮੰਨਿਆ ਜਾ ਚੁੱਕਿਆ ਹੈ ਪਰ ਕਿਸਾਨਾਂ ਨੂੰ ਬੇਵਜ੍ਹਾ ਪ੍ਰਦੂਸ਼ਣ ਲਈ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਸਾਰੀਆਂ ਏਜੰਸੀਆਂ ਦੀਆਂ ਨਵੀਆਂ ਰਿਪੋਰਟਾਂ ਵਿਚ ਵੀ ਖੇਤੀ ਖੇਤਰ ਦਾ ਪ੍ਰਦੂਸ਼ਣ ਤਿੰਨ ਪ੍ਰਤੀਸ਼ਤ ਤੋ ਘੱਟ ਹੋਣ ਦੇ ਅੰਕੜੇ ਪੇਸ਼ ਕੀਤੇ ਜਾ ਚੁੱਕੇ ਹਨ ਇਸ ਲਈ ਪੰਜਾਬ ਸਰਕਾਰ ਕਿਸਾਨਾਂ ਉੱਪਰ ਮਾਣਯੋਗ ਸੁਪਰੀਮ ਕੋਰਟ ਅਤੇ ਮਾਣਯੋਗ ਗ੍ਰੀਨ ਟ੍ਰਿਬਿਊਨਲ ਵਲੋਂ ਕਿਸਾਨਾਂ ਨੂੰ ਪਰਾਲੀ ਖੇਤ ਵਿਚ ਹੀ ਵਾਹੁਣ ਲਈ ਪੈਸੇ ਦੇ ਰੂਪ ਵਿਚ ਵਿੱਤੀ ਸਹਾਇਤਾ ਅਤੇ ਮੁਫ਼ਤ ਵਿਚ ਮਸ਼ੀਨਰੀ ਦੇਣ ਦੇ ਹੁਕਮਾਂ ਨੂੰ ਦਰਕਿਨਾਰ ਕਰਕੇ ਕੀਤੇ ਜਾ ਰਹੇ ਪਰਚੇ ਅਤੇ ਰੈੱਡ ਐਂਟਰੀਆਂ ਨੂੰ ਰੱਦ ਕਰੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਮੀਤ ਪ੍ਰਧਾਨ ਉੱਤਮ ਸਿੰਘ ਬਰਵਾਲ਼ੀ, ਬਲਾਕ ਪ੍ਰਧਾਨ ਖਮਾਣੋਂ ਕਰਨੈਲ ਸਿੰਘ ਜਟਾਣਾ, ਬਲਾਕ ਪ੍ਰਧਾਨ ਖੇੜਾ ਪ੍ਰਕਾਸ਼ ਸਿੰਘ ਬੱਬਲ, ਬਲਾਕ ਪ੍ਰਧਾਨ ਸਰਹਿੰਦ ਬਲਦੇਵ ਸਿੰਘ ਮੁੱਲਾਂਪੁਰ, ਜ਼ਿਲ੍ਹਾ ਯੂਥ ਆਗੂ ਇਕਬਾਲ ਸਿੰਘ, ਬਲਪ੍ਰੀਤ ਸਿੰਘ, ਚਤਰ ਸਿੰਘ, ਰਾਜਿੰਦਰ ਸਿੰਘ ਬੱਬੀ ਆਦਿ ਕਿਸਾਨ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਪੁਲਿਸ ਵਲੋਂ ਮਾਧੋਪੁਰ ਚੌਕ ਨੇੜੇ ਹਾਈਟੈੱਕ ਨਾਕਾ ਲਗਾ ਕੇ ਵਾਹਨਾਂ ਦੀ ਕੀਤੀ ਗਈ ਵਿਸ਼ੇਸ਼ ਚੈਕਿੰਗ ਅਗਲੀ ਖ਼ਬਰ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਵਿਖੇ ਗੋਪਾਸ਼ਟਮੀ ਮੌਕੇ ਕਰਵਾਇਆ ਹਵਨ-ਯੱਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।