ਗੁਰਦਾਸਪੁਰ, 12 ਫਰਵਰੀ (ਅਸ਼ੋਕ ਸ਼ਰਮਾ)-ਸਥਾਨਕ ਸ਼ਹਿਰ ਦੇ ਜੇਲ੍ਹ ਰੋਡ ਸਥਿਤ ਪੁੱਡਾ ਐਵੀਨਿਊ ਮਾਰਕੀਟ ਜੋ ਪਿਛਲੇ ਲੰਬੇ ਸਮੇਂ ਤੋਂ ਬੁਨਿਆਦੀ ਸਹੂਲਤਾਂ ਤੋਂ ਸੱਖਣੀ ਹੈ ਤੇ ਪਾਣੀ ਦਾ ਸਹੀ ਨਿਕਾਸ ਨਾ ਹੋਣ ਕਾਰਨ ਦੁਕਾਨਦਾਰ ਤੇ ਦਫ਼ਤਰਾਂ ਦੇ ਮਾਲਕ ਕਾਫ਼ੀ ਪ੍ਰੇਸ਼ਾਨ ਹਨ | ਇਸ ਪਾਸੇ ਪੁੱਡਾ ਵਿਭਾਗ ਗੁਰਦਾਸਪੁਰ ਕੋਈ ਧਿਆਨ ਨਹੀਂ ਦੇ ਰਿਹਾ | ਜਿਸ ਕਾਰਨ ਦੁਕਾਨਦਾਰਾਂ ਦਾ ਸਬੰਧਿਤ ਵਿਭਾਗ ਪ੍ਰਤੀ ਭਾਰੀ ਰੋਸ ਹੈ | ਇਸ ਸਬੰਧੀ ਮਾਰਕੀਟ 'ਚ ਕੰਮ ਕਰਦੇ ਹੋਟਲ ਮਾਲਕਾਂ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਪੁੱਡਾ ਵਲੋਂ ਪਾਰਕਿੰਗ ਵਿਚ ਗਰਾਉਂਡ ਛੱਡੀ ਹੋਈ ਹੈ, ਜਿਸ ਦੀ ਹਾਲਤ ਕਾਫ਼ੀ ਖਸਤਾ ਹੈ ਤੇ ਜਿਹੜਾ ਫਰਸ਼ ਪਾਇਆ ਸੀ, ਉਹ ਵੀ ਕਾਫ਼ੀ ਲੰਬੇ ਸਮੇਂ ਤੋਂ ਟੁੱਟ ਚੁੱਕਾ ਹੈ | ਜਿਸ ਕਰਕੇ ਕਈ ਵਾਰ ਪੁੱਡਾ ਵਿਭਾਗ ਨੰੂ ਗਰਾਉਂਡ 'ਚ ਇੰਟਰਲਾਕ ਟਾਈਲਾਂ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਜਦੋਂ ਮਾਮੂਲੀ ਜਿਹਾ ਮੀਂਹ ਪੈਂਦਾ ਹੈ ਤਾਂ ਪਾਣੀ ਇਕੱਠਾ ਹੋਣ ਕਰਕੇ ਦੁਕਾਨਦਾਰਾਂ ਤੇ ਜਨਤਾ ਦਾ ਗਰਾਉਂਡ ਵਿਚੋਂ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ | ਇਸ ਦੇ ਨਾਲ ਹੀ ਸਫ਼ਾਈ ਦਾ ਵੀ ਮੰਦਾ ਹਾਲ ਹੋਇਆ ਹੈ | ਸਮੂਹ ਦੁਕਾਨਦਾਰਾਂ ਤੇ ਹੋਟਲ ਮਾਲਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਪੁੱਡਾ ਐਵੀਨਿਊ 'ਚ ਬੁਨਿਆਦੀ ਸਹੂਲਤਾਂ ਪੂਰੀਆਂ ਕਰਨ ਦੇ ਨਾਲ ਨਾਲ ਗਰਾਉਂਡ 'ਚ ਇੰਟਰਲਾਕ ਟਾਈਲਾਂ ਲਗਾਉਣ ਦੇ ਨਾਲ ਨਾਲ ਪਾਣੀ ਦੇ ਨਿਕਾਸ ਲਈ ਸਬੰਧਿਤ ਵਿਭਾਗ ਨੰੂ ਨਿਰਦੇਸ਼ ਜਾਰੀ ਕੀਤੇ ਜਾਣ, ਜਿਸ ਨਾਲ ਦੁਕਾਨਦਾਰਾਂ ਤੇ ਹੋਟਲ ਮਾਲਕਾਂ ਨੰੂ ਰਾਹਤ ਮਿਲ ਸਕੇ |