ਕਲਾਨੌਰ, 13 ਫਰਵਰੀ (ਪੁਰੇਵਾਲ)-ਬੀਤੀ ਰਾਤ ਬਲਾਕ ਦੇ ਸਰਹੱਦੀ ਪਿੰਡ ਸਾਲ੍ਹੇਚੱਕ ਅਤੇ ਜੀਓਜੁਲਾਈ 'ਚ ਚੋਰਾਂ ਵਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ | ਚੋਰੀ ਤੋਂ ਬਾਅਦ ਚੋਰਾਂ ਵਲੋਂ ਮੋਬਾਇਲ ਦੀ ਦੁਕਾਨ ਦੇ ਅੰਦਰ ਅਤੇ ਸਰਕਾਰੀ ਸਕੂਲ ਦੇ ਕਮਰੇ ਅੰਦਰ ਖਿਲਾਰੇ ਗਏ ਜਾਅਲੀ ਨੋਟਾਂ ਦੀ ਇਸ ਖੇਤਰ 'ਚ ਚਰਚਾ ਬਣੀ ਹੋਈ ਹੈ | ਖਿਲਰੀ ਕਰੰਸੀ ਕਾਫੀ ਮਾਤਰਾ 'ਚ ਪਈ ਵਿਖਾਈ ਦਿੱਤੀ | ਪਿੰਡ ਜੀਓਜੁਲਾਈ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਵੀ ਚੋਰਾਂ ਵਲੋਂ ਜਿੰਦਰੇ ਭੰਨ ਕੇ ਅੰਦਰੋਂ ਕੀਮਤੀ ਸਾਮਾਨ ਚੋਰੀ ਕੀਤਾ ਗਿਆ | ਪਿੰਡ ਸਾਲ੍ਹੇਚੱਕ 'ਚ ਮੋਬਾਇਲ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਪ੍ਰੇਮ ਮਸੀਹ ਨੇ ਦੱਸਿਆ ਕਿ ਜਦੋਂ ਉਹ ਦੁਕਾਨ 'ਤੇ ਆਇਆ ਤਾਂ ਉਸ ਨੂੰ ਚੋਰੀ ਦੀ ਘਟਨਾਂ ਬਾਰੇ ਪਤਾ ਲੱਗਾ | ਪ੍ਰੇਮ ਮਸੀਹ ਨੇ ਦੱਸਿਆ ਕਿ ਜਦੋਂ ਦੁਕਾਨ ਦਾ ਸ਼ਟਰ ਖੋਲਿਆ ਗਿਆ ਤਾਂ ਅੰਦਰ ਨੋਟ ਖਿੱਲਰੇ ਵਿਖਾਈ ਦਿੱਤੀ, ਜੋ ਜਾਅਲੀ ਸਨ | ਪ੍ਰੇਮ ਮਸੀਹ ਨੇ ਦੱਸਿਆ ਕਿ ਚੋਰਾਂ ਵਲੋਂ ਉਸ ਦੇ ਨਵੇਂ ਤੇ ਪੁਰਾਣੇ ਮੋਬਾਇਲ ਸਮੇਤ ਚਾਰਜਰ, ਈਅਰਫੋਨ, ਆਈਪੋਡ ਸਮੇਤ ਲੱਖ ਰੁਪਏ ਤੋਂ ਵੱਧ ਨੁਕਸਾਨ ਕੀਤਾ ਗਿਆ | ਦੁਕਾਨਦਾਰ ਨੇ ਦੱਸਿਆ ਕਿ ਉਸ ਨੂੰ ਹੈਰਾਨੀ ਹੈ ਕਿ ਚੋਰਾਂ ਵਲੋਂ ਚੋਰੀ ਤੋਂ ਬਾਅਦ ਦੁਕਾਨ ਅੰਦਰ ਜਾਅਲੀ ਨੋਟ ਕਿਉਂ ਖਿਲਾਰੇ ਗਏ | ਇਸ ਸਬੰਧੀ ਚੌਕੀਂ ਦੋਸਤਪੁਰ ਵਿਖੇ ਸੂਚਨਾ ਦਿੱਤੀ ਗਈ ਹੈ | ਦੁਕਾਨਦਾਰ ਪ੍ਰੇਮ ਮਸੀਹ ਨੇ ਦੱਸਿਆ ਕਿ ਉਸ ਨੇ ਮਿਹਨਤ ਨਾਲ ਆਪਣੀ ਦੁਕਾਨ ਦਾ ਕਾਰੋਬਾਰ ਚਲਾਇਆ ਸੀ ਅਤੇ ਚੋਰਾਂ ਵਲੋਂ ਉਸ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ | ਇਸ ਦੌਰਾਨ ਪਿੰਡਾਂ ਦੇ ਮੁਹਤਬਰਾਂ ਨੇ ਪੁਲਿਸ ਕੋਲੋਂ ਮੰਗ ਕੀਤੀ ਕਿ ਸਰਹੱਦੀ ਖੇਤਰ 'ਚ ਪੁਲਿਸ ਦੀ ਗਸਤ ਵਧਾਈ ਜਾਵੇ ਅਤੇ ਚੋਰਾਂ ਦੀ ਭਾਲ ਕਰ ਕੇ ਚੋਰੀ ਸਮਾਨ ਵਾਪਸ ਕਰਵਾਇਆ ਗਿਆ |