ਬਟਾਲਾ, 13 ਫਰਵਰੀ (ਸਤਿੰਦਰ ਸਿੰਘ)-ਮਹਾਰਾਸ਼ਟਰ ਦੇ ਪੂਨੇ ਵਿਚ ਸਥਿਤ ਜਗਤ ਗੁਰੂ ਸੰਤ ਤੁਕਾਰਾਮ ਮਹਾਰਾਜ ਸੰਤਪੀਠ ਸਕੂਲ ਐਂਡ ਜੂਨੀਅਰ ਕਾਲਜ ਚਿਖਲੀ (ਪਿੰਪਰੀ-ਚਿੰਚਵੜ) ਦਾ ਵਿਸ਼ੇਸ਼ ਵਫ਼ਦ ਪੰਜਾਬ ਦੇ ਇਤਿਹਾਸਕ ਪਿੰਡ ਘੁਮਾਣ ਪਹੁੰਚਿਆ | ਇਹ ਯਾਤਰਾ ਸਿਰਫ ਇਕ ਸੈਰ ਨਹੀਂ ਸੀ | ਇਹ ਸੀ ਦਿਲਾਂ ਨੂੰ ਜੋੜਨ ਵਾਲੀ ਇਕ ਅਜਿਹੀ ਕਹਾਣੀ ਜੋ ਸੱਭਿਆਚਾਰ, ਸਿੱਖਿਆ ਅਤੇ ਭਾਈਚਾਰੇ ਦੀ ਸੁੰਦਰ ਮਿਸਾਲ ਬਣ ਗਈ | ਵਫ਼ਦ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸੁਭਾਏਮਾਨ ਮਹਾਨ ਭਗਤ ਬਾਬਾ ਨਾਮਦੇਵ ਜੀ ਦੇ ਪਵਿੱਤਰ ਅਤੇ ਇਤਿਹਾਸਕ ਅਸਥਾਨ ਦੇ ਦਰਸਨ ਕੀਤੇ | ਇਥੇ ਬਾਬਾ ਨਾਮਦੇਵ ਸੁਸਾਇਟੀ ਘੁਮਾਣ ਦੇ ਆਗੂਆਂ ਵਲੋਂ ਉਨ੍ਹਾਂ ਦਾ ਬਹੁਤ ਹੀ ਸਤਿਕਾਰਯੋਗ ਅਤੇ ਪਿਆਰ ਭਰਿਆ ਸਵਾਗਤ ਕੀਤਾ ਗਿਆ | ਬਾਬਾ ਨਾਮਦੇਵ ਜੀ ਦੇ ਚਰਨਾਂ ਵਾਲੀ ਧਰਤੀ 'ਤੇ ਖੜ੍ਹੇ ਹੋ ਕੇ ਉਨ੍ਹਾਂ ਨੂੰ ਡੂੰਘੀ ਅਧਿਆਤਮਕ ਸਾਂਤੀ ਅਤੇ ਪ੍ਰੇਰਨਾ ਮਿਲੀ | ਦਰਸਨਾਂ ਤੋਂ ਬਾਅਦ ਉਹ ਬਾਬਾ ਆਇਆ ਸਿੰਘ ਰਿਆੜਕੀ ਕਾਲਜ ਤੁਗਲਵਾਲਾ ਪਹੁੰਚੇ | ਇਥੇ ਉਨ੍ਹਾਂ ਨੇ ਸੰਸਥਾ ਦਾ ਵਿਸਥਾਰ ਵਿਚ ਦੌਰਾ ਕੀਤਾ, ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਅਤੇ ਸੰਸਥਾ ਦੀ ਵਿਦਿਅਕ ਪ੍ਰਣਾਲੀ, ਅਨੁਸਾਸਨ ਅਤੇ ਸੁੰਦਰ ਵਾਤਾਵਰਣ ਨੂੰ ਬਹੁਤ ਹੀ ਪ੍ਰੇਰਨਾਦਾਇਕ ਅਤੇ ਅਦੁੱਤੀ ਦੱਸਿਆ | ਇਸ ਵਫ਼ਦ ਵਿਚ ਸ੍ਰੀ ਸੰਦੀਪ ਖੋਤ ਸੀ.ਈ.ਓ.ਸੌ. ਸੰਗੀਤਾ ਬਾਂਗਰ ਸਕੱਤਰ, ਡਾ. ਸ਼ਵਾਤੀ ਮੁਲੇ ਡਾਇਰੈਕਟਰ, ਰਾਜੂ ਮਹਾਰਾਜ ਢੋਰੇ ਡਾਇਰੈਕਟਰ, ਡਾ. ਗਿਆਨੇਸ਼ਵਰ ਗਾਡਗੇ ਪਿ੍ੰਸੀਪਲ ਅਤੇ 35 ਅਧਿਆਪਕ ਸਾਮਲ ਸਨ | ਡਾ. ਗਿਆਨੇਸਵਰ ਗਾਡਗੇ ਨੇ ਵਿਦਿਆਰਥੀਆਂ ਨੇ ਕਿਹਾ ਕਿ ਮੁਲਾਕਾਤ ਸਿਰਫ ਇਕ ਦਿਨ ਲਈ ਨਹੀਂ ਸੀ, ਜੋ ਪਿਆਰ, ਸਤਿਕਾਰ ਅਤੇ ਅਧਿਆਤਮਿਕਤਾ ਇਥੇ ਮਿਲੀ, ਉਹ ਅਸੀਂ ਕਦੇ ਨਹੀਂ ਭੁੱਲ ਸਕਦੇ | ਇਹ ਰਿਸ਼ਤਾ ਅੰਤਿਮ ਸਾਹ ਤੱਕ ਬਣਿਆ ਰਹੇਗਾ ਅਤੇ ਭਵਿੱਖ ਵਿਚ ਵੀ ਅਸੀਂ ਵਾਰ-ਵਾਰ ਇਥੇ ਆਵਾਂਗੇ | ਸੰਸਥਾ ਦੇ ਸੇਵਾਦਾਰ ਗਗਨਦੀਪ ਸਿੰਘ ਵਿਰਕ ਨੇ ਸਾਰੇ ਮਹਿਮਾਨਾਂ ਦੀ ਜਾਣ-ਪਛਾਣ ਵਿਦਿਆਰਥੀਆਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਕਰਵਾਈ | ਪਿ੍ੰਸੀਪਲ ਸਵਰਨ ਸਿੰਘ ਵਿਰਕ ਨੇ ਕਿਹਾ ਕਿ ਪੂਨੇ ਦੇ ਇਸ ਸਕੂਲ ਵਲੋਂ ਦੇਸ਼ ਭਰ ਦੇ ਸੰਤ-ਮਹਾਂਪੁਰਖਾਂ ਦੇ ਜੀਵਨ ਅਤੇ ਸਿੱਖਿਆ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਲਈ ਜੋ ਬੀੜਾ ਚੁੱਕਿਆ ਗਿਆ ਹੈ, ਉਹ ਸੱਚਮੁਚ ਸਲਾਹੁਣਯੋਗ ਅਤੇ ਪ੍ਰੇਰਨਾਦਾਇਕ ਹੈ | ਇਹ ਸਾਡੇ ਲਈ ਵੱਡੇ ਮਾਣ ਦੀ ਗੱਲ ਹੈ ਕਿ ਅਜਿਹੇ ਸਾਨਦਾਰ ਵਿਦਵਾਨ ਅਤੇ ਅਧਿਆਪਕ ਸਾਡੇ ਕਾਲਜ ਵਿਚ ਪਹੁੰਚੇ | ਅਖੀਰ ਸਾਰੇ ਮਹਿਮਾਨਾਂ ਨੂੰ ਪਿ੍ੰਸੀਪਲ ਅਤੇ ਸਟੂਡੈਂਟ ਕਮੇਟੀ ਵਲੋਂ ਦੁਸ਼ਾਲਾ ਭੇਟ ਕੀਤਾ ਗਿਆ |