ਸੁਜਾਨਪੁਰ, 13 ਫਰਵਰੀ (ਜਗਦੀਪ ਸਿੰਘ)-ਪਠਾਨਕੋਟ-ਜੰਮੂ ਨੈਸ਼ਨਲ ਹਾਈਵੇ 'ਤੇ ਸੁਜਾਨਪੁਰ ਦੇ ਪੁਲ ਨੰਬਰ ਪੰਜ ਨੇੜੇ ਇਕ ਦਰਦਨਾਕ ਹਾਦਸੇ ਵਿਚ ਦੋ ਔਰਤਾਂ ਦੀ ਮੌਤ ਹੋ ਗਈ | ਜਦਕਿ ਕਈ ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ | ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ ਆਰਮੀ ਦੇ ਟਰੱਕ ਨੇ ਸਵਾਰੀਆਂ ਨਾਲ ਭਰੇ ਆਟੋ ਅਤੇ ਇਕ ਮੋਟਰਸਾਈਕਲ ਨੂੰ ਆਪਣੀ ਲਪੇਟ ਵਿਚ ਲੈ ਲਿਆ | ਪੁਲਿਸ ਨੂੰ ਦਿੱਤੇ ਬਿਆਨ ਵਿਚ ਬਲਕਾਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 9 ਵਜੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਟੋ ਨੰਬਰ (ਪੀ.ਬੀ.35 ਕਿਊ 1984) 'ਤੇ ਸਵਾਰ ਹੋ ਕੇ ਪਠਾਨਕੋਟ ਤੋਂ ਸੁਜਾਨਪੁਰ ਆ ਰਹੇ ਸਨ ਕਿ ਜਿਉਂ ਹੀ ਆਟੋ ਸੁਜਾਨਪੁਰ ਦੇ ਪੁਲ ਨੰਬਰ-5 ਨੇੜੇ ਪਹੁੰਚਿਆ ਤਾਂ ਮਾਧੋਪੁਰ ਵਾਲੇ ਪਾਸਿਓਾ ਆ ਰਹੇ ਇਕ ਆਰਮੀ ਦੇ ਟਰੱਕ ਨੇ ਲਾਪ੍ਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਆ ਕੇ ਆਟੋ ਨੂੰ ਸਿੱਧੀ ਟੱਕਰ ਮਾਰ ਦਿੱਤੀ ਅਤੇ ਕੋਲੋਂ ਗੁਜਰ ਰਹੇ ਇਕ ਪਲਸਰ ਮੋਟਰਸਾਈਕਲ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ | ਟੱਕਰ ਇੰਨ੍ਹੀ ਭਿਆਨਕ ਸੀ ਕਿ ਆਟੋ ਅਤੇ ਮੋਟਰਸਾਈਕਲ ਦੇ ਪ੍ਰਖੱਚੇ ਉੱਡ ਗਏ | ਰਾਹਗੀਰਾਂ ਵਲੋਂ ਜ਼ਖਮੀਆਂ ਨੂੰ ਤੁਰੰਤ ਸੁਜਾਨਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ | ਜਿੱਥੇ ਹਸਪਤਾਲ ਦੇ ਡਾਕਟਰ ਵਲੋਂ ਮੀਨਾ ਸਿੰਘ ਪਤਨੀ ਬਲਕਾਰ ਸਿੰਘ ਵਾਸੀ ਸੋਲੀ ਭੋਲੀ ਅਤੇ ਜਾਨਵੀ ਠਾਕੁਰ ਨਿਵਾਸੀ ਮੁਸਾਫ਼ਰ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮਿ੍ਤਕ ਐਲਾਨ ਕਰ ਦਿੱਤਾ | ਬਾਕੀ ਜ਼ਖਮੀਆਂ ਵਿਚ ਪ੍ਰਤਿਭਾ ਠਾਕੁਰ, ਰਵਨੀਤ ਸਿੰਘ, ਬਾਬਲਾ ਉੱਪਲ ਅਤੇ ਆਟੋ ਚਾਲਕ ਤੇ ਮੋਟਰਸਾਈਕਲ ਸਵਾਰ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ | ਕੁਝ ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਦੂਸਰੇ ਹਸਪਤਾਲਾਂ ਵਿਚ ਰੈਫ਼ਰ ਕਰ ਦਿੱਤਾ ਗਿਆ | ਪੁਲਿਸ ਨੇ ਬਲਕਾਰ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ | ਸੁਜਾਨਪੁਰ ਪੁਲਿਸ ਨੇ ਸੈਨਾ ਦੇ ਟਰੱਕ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਡੀ.ਐਸ.ਪੀ. ਲਖਵਿੰਦਰ ਸਿੰਘ ਅਤੇ ਥਾਣਾ ਮੁਖੀ ਮੋਹਿਤ ਟਾਂਕ ਨੇ ਪਹੁੰਚ ਕੇ ਨੈਸ਼ਨਲ ਹਾਈਵੇ 'ਤੇ ਲੱਗਿਆ ਜਾਮ ਖੁਲ੍ਹਵਾਇਆ ਅਤੇ ਸੈਨਾ ਦੇ ਟਰੱਕ ਨੂੰ ਕਬਜ਼ੇ ਵਿਚ ਲੈ ਲਿਆ | ਮਿ੍ਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਪਠਾਨਕੋਟ ਭੇਜ ਦਿੱਤਾ ਗਿਆ |