ਡੇਹਰੀਵਾਲ ਦਰੋਗਾ, 14 ਫਰਵਰੀ (ਹਰਦੀਪ ਸਿੰਘ ਸੰਧੂ)-ਨੀਜ਼ਦੀਕੀ ਪਿੰਡ ਨੈਣੇਕੋਟ ਦੇ ਸਾਹਮਣੇ ਆਈ.ਟੀ.ਆਈ. ਕੋਲ ਇਕ ਹਾਦਸਾ ਵਾਪਰਿਆ, ਜਿੱਥੇ ਇਕ ਓਵਰਲੋਡ ਟਿੱਪਰ ਨੇ ਮੋਟਰਸਾਈਕਲ 'ਤੇ ਜਾ ਰਹੇ ਪਿਓ-ਧੀ ਨੂੰ ਪਿੱਛੋਂ ਟੱਕਰ ਮਾਰ ਕੇ ਦਰੜ ਦਿੱਤਾ | ਇਹ ਹਾਦਸਾ ਏਨਾ ਦਰਦਨਾਕ ਸੀ ਕਿ ਕੋਲ ਖੜੇ ਲੋਕਾਂ ਦੇ ਲੂੰ ਕੰਡੇ ਖੜੇ ਹੋ ਗਏ, ਕਿਉਂਕਿ ਟਿੱਪਰ ਲੜਕੀ ਦੀ ਲੱਤ ਉਪਰੋਂ ਕੁਚਲ ਕੇ ਲੰਘ ਗਿਆ ਸੀ | ਇਸ ਹਾਦਸੇ ਵਿਚ ਪਿਤਾ ਬਲਜੀਤ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ, ਪਰ ਲੜਕੀ ਕੋਮਲਪ੍ਰੀਤ ਕੌਰ ਰੂੜਾ ਬੁੱਟਰ ਨੂੰ ਟਿੱਪਰ ਵਲੋਂ ਕੁਚਲਣ ਤੋਂ ਬਾਅਦ ਤੁਰੰਤ ਬਟਾਲਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੇਖਦੇ ਹੋਏ ਅੰਮਿ੍ਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ | ਉਸ ਦੀ ਇਕ ਲੱਤ ਜੋ ਕਿ ਟਿੱਪਰ ਦੇ ਟਾਇਰਾਂ ਹੇਠ ਆਉਣ ਕਰ ਕੇ ਬੁਰੀ ਤਰ੍ਹਾਂ ਕੁਚਲੀ ਗਈ ਸੀ, ਉਸ ਨੂੰ ਡਾਕਟਰਾਂ ਵਲੋਂ ਕੱਟ ਦਿੱਤਾ ਗਿਆ | ਇਸ ਸਬੰਧੀ ਜਦੋਂ ਥਾਣਾ ਕਾਹਨੂੰਵਾਨ ਦੇ ਮੁਖੀ ਗੁਰਨਾਮ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਟਿੱਪਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਟਿੱਪਰ ਚਾਲਕ ਨੇ ਪਿਓ-ਧੀ ਨੂੰ ਦਰੜਿਆ- ਹਸਪਤਾਲ ਵਿਚ ਲੜਕੀ ਦੀ ਕੱਟਣੀ ਪਈ ਲੱਤ
ਅਜੀਤ ਡੈਸਕ
15-02-2026