ਬਟਾਲਾ, 14 ਫਰਵਰੀ (ਰਾਕੇਸ਼ ਰੇਖੀ)-ਪਾਣੀ ਪਿਲਾਉਣ ਦਾ ਕਹਿ ਕੇ 2 ਨੌਜਵਾਨ ਇਕ ਔਰਤ ਦੇ ਕੰਨਾਂ 'ਚੋਂ ਵਾਲੀਆਂ ਖਿੱਚ ਕੇ ਫਰਾਰ ਹੋ ਗਏ | ਪੁਲਿਸ ਚੌਕੀ ਅਰਬਨ ਅਸਟੇਟ ਦੇ ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਕਾਦੀਆਂ ਰੋਡ 'ਤੇ ਗ੍ਰੀਨ ਸਿਟੀ ਦੀ ਗਲੀ-2 ਦੀ ਰਹਿਣ ਵਾਲੀ ਦਰਸ਼ਨਾ ਕੁਮਾਰੀ ਪਤਨੀ ਰਮੇਸ਼ ਚੰਦਰ ਨੇ ਸ਼ਿਕਾੲਤ ਦਰਜ ਕਰਵਾਈ ਕਿ ਦੁਪਹਿਰ ਬਾਅਦ ਕਰੀਬ 3 ਵਜੇ ਉਹ ਆਪਣੇ ਘਰ ਦੇ ਬਾਹਰ ਗਵਾਂਢਣਾਂ ਨਾਲ ਖੜੀ ਗੱਲਾਂ ਕਰ ਰਹੀ ਸੀ | ਇਸੇ ਦੌਰਾਨ ਮੋਟਰਸਾਈਕਲ 'ਤੇ ਆਏ 2 ਨੌਜਵਾਨਾਂ ਨੇ ਉਸ ਤੋਂ ਕਿਸੇ ਬਲਵੰਤ ਸਿੰਘ ਦਾ ਘਰ ਪੁੱਛਿਆ, ਪਰ ਜਾਣਕਾਰੀ ਨਾ ਹੋਣ ਕਰ ਕੇ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਸਹੀ ਨਹੀਂ ਜਾਣਦੀ | ਉਕਤ ਨੌਜਵਾਨਾਂ ਨੇ ਉਸ ਤੋਂ ਪੀਣ ਲਈ ਪਾਣੀ ਮੰਗਿਆ, ਜਦੋਂ ਉਹ ਪਾਣੀ ਲੈਣ ਲਈ ਅੰਦਰ ਗਈ ਤਾਂ ਇਕ ਨੌਜਵਾਨ ਉਸ ਦੇ ਪਿੱਛੇ ਆ ਗਿਆ ਅਤੇ ਉਸ ਦੇ ਕੰਨਾਂ ਵਿਚ ਪਈਆਂ ਸੋਨੇ ਦੀਆਂ ਵਾਲੀਆਂ ਖਿੱਚ ਕੇ ਬਾਹਰ ਖੜੇ ਆਪਣੇ ਸਾਥੀ ਨਾਲ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ | ਏ.ਐੱਸ.ਆਈ. ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਝਪਟਮਾਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ |