ਦੀਨਾਨਗਰ, 14 ਫਰਵਰੀ (ਸੋਢੀ/ਸ਼ਰਮਾ)-ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਦਾ 52ਵਾਂ ਡਿਗਰੀ ਵੰਡ ਸਮਾਗਮ ਕਾਲਜ ਦੀ ਪਿ੍ੰਸੀਪਲ ਡਾ. ਸਰਲਾ ਨਿਰੰਕਾਰੀ ਤੇ ਪ੍ਰਬੰਧਕ ਕਮੇਟੀ ਦੇ ਸਕੱਤਰ ਧਰਮ ਇੰਦੂ ਗੁਪਤਾ ਦੀ ਸਾਂਝੀ ਪ੍ਰਧਾਨਗੀ ਹੇਠ ਧੂਮਧਾਮ ਨਾਲ ਸਮਾਪਤ ਹੋਇਆ | ਸਮਾਗਮ ਦੌਰਾਨ 2023-24 ਤੇ 2024-25 ਸੈਸ਼ਨ ਦੇ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ 850 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ | ਇਸ ਮੌਕੇ ਡੀਨ ਅਕਾਦਮਿਕ ਮਾਮਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਡਾ. ਹਰਵਿੰਦਰ ਸਿੰਘ ਸੈਣੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦਕਿ ਕਾਲਜ ਪ੍ਰਬੰਧਕ ਕਮੇਟੀ ਦੇ ਸਕੱਤਰ ਧਰਮ ਇੰਦੂ ਗੁਪਤਾ, ਅਨਿਲ ਗੁਪਤਾ, ਇੰਦਰਾ ਗੁਪਤਾ, ਅਭਿਸ਼ੇਕ ਗੁਪਤਾ ਤੇ ਨਮਿਤਾ ਗੁਪਤਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ | ਸਮਾਗਮ ਦਾ ਆਰੰਭ ਮਹਿਮਾਨਾਂ ਵਲੋਂ ਵਿੱਦਿਆ ਜੋਤੀ ਜਗਾਉਣ ਤੋਂ ਬਾਅਦ ਵੇਦ ਮੰਤਰਾਂ ਦੇ ਉਚਾਰਨ ਨਾਲ ਹੋਇਆ | ਪਿ੍ੰਸੀਪਲ ਡਾ. ਸਰਲਾ ਨਿਰੰਕਾਰੀ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਾਲਜ ਦੀਆਂ ਅਕਾਦਮਿਕ, ਪਾਠਕ੍ਰਮ, ਸੱਭਿਆਚਾਰਕ ਤੇ ਖੇਡ ਗਤੀਵਿਧੀਆਂ 'ਚ ਪ੍ਰਾਪਤੀਆਂ ਸੰਬੰਧੀ ਜਾਣਕਾਰੀ ਦਿੱਤੀ | ਮੁੱਖ ਮਹਿਮਾਨ ਡਾ. ਹਰਵਿੰਦਰ ਸਿੰਘ ਸੈਣੀ ਨੇ ਡਿਗਰੀ ਧਾਰਕਾਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਡਿਗਰੀਆਂ ਨੂੰ ਦਿਲੋਂ ਪ੍ਰਾਪਤ ਕਰਨਾ ਚਾਹੀਦਾ ਹੈ | ਉਨ੍ਹਾਂ ਨੈਤਿਕ ਕਦਰਾਂ-ਕੀਮਤਾਂ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਮਾਨਦਾਰ ਬਣੋ, ਜੀਵਨ 'ਚ ਵਿਅਕਤੀਗਤਤਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਆਪਣੇ ਜੀਵਨ ਵਿਚ ਆਤਮ-ਵਿਸ਼ਵਾਸ ਬਣਾਈ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤੰਦਰੁਸਤੀ ਲਈ ਨਕਾਰਾਤਮਕਤਾ ਤੋਂ ਬਚਣਾ ਚਾਹੀਦਾ ਹੈ | ਸਮਾਗਮ ਦੌਰਾਨ ਮੁੱਖ ਸੰਪਾਦਕ ਸਰਲਾ ਨਿਰੰਕਾਰੀ ਅਤੇ ਸੰਪਾਦਕ ਅੰਜਨਾ ਮਲਹੋਤਰਾ ਦੁਆਰਾ ਸੰਪਾਦਿਤ ਸਮਕਾਲੀ ਯੁੱਗ 'ਚ 'ਔਰਤਾਂ ਦੇ ਸਮਾਜਿਕ ਰਾਜਨੀਤਿਕ ਦਿ੍ਸ਼ਟੀਕੋਣ' ਸਿਰਲੇਖ ਹੇਠ ਇਕ ਕਿਤਾਬ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ ਗਈ | ਪਿ੍ੰਸੀਪਲ ਡਾ. ਸਰਲਾ ਨਿਰੰਕਾਰੀ ਤੇ ਕਾਲਜ ਪ੍ਰਬੰਧ ਕਮੇਟੀ ਦੇ ਅਹੁਦੇਦਾਰਾਂ ਨੇੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਡਾ. ਨੀਨੂ ਸ਼ਰਮਾ ਤੇ ਡਾ. ਪੂਜਾ ਨੇ ਸ਼ਾਨਦਾਰ ਢੰਗ ਨਾਲ ਸਟੇਜ ਸੰਚਾਲਨ ਕੀਤਾ | ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰ ਤੇ ਵਿਦਿਆਰਥੀ ਵੀ ਹਾਜ਼ਰ ਸਨ |