ਬਟਾਲਾ, 17 ਫਰਵਰੀ (ਰਾਕੇਸ਼ ਰੇਖੀ)-ਮੋਟਰਸਾਈਕਲ 'ਤੇ ਜਾ ਰਿਹਾ ਇਕ ਬਜ਼ੁਰਗ ਰਸਤੇ ਵਿਚ ਇਕ ਪ੍ਰਵਾਸੀ ਵਲੋਂ ਕੀਤੀ ਗਈ ਪੱਥਰਬਾਜ਼ੀ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ | ਲੋਕਾਂ ਨੇ ਮੌਕੇ 'ਤੇ ਪ੍ਰਵਾਸੀ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ | ਥਾਣਾ ਸਦਰ ਦੇ ਏ.ਐੱਸ.ਆਈ. ਲਖਬੀਰ ਸਿੰਘ ਨੇ ਦੱਸਿਆ ਕਿ ਪਿੰਡ ਖੋਖਰ ਦੇ ਰਹਿਣ ਵਾਲੇ ਰਛਪਾਲ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਉਹ ਅਤੇ ਉਸ ਦਾ ਭਰਾ ਸਤਨਾਮ ਸਿੰਘ (62) ਆਪਣੇ-ਆਪਣੇ ਮੋਟਰਸਾਈਕਲਾਂ 'ਤੇ ਜਾ ਰਹੇ ਸਨ, ਜਦੋਂ ਉਹ ਸੁਨੱਈਆ ਨੇੜੇ ਪੈਟਰੋਲ ਪੰਪ ਕੋਲ ਪਹੁੰਚੇ ਤਾਂ ਅਚਾਨਕ ਇਕ ਅਣਪਛਾਤੇ ਵਿਅਕਤੀ ਨੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਅੱਗੇ ਜਾ ਰਿਹਾ ਉਸ ਦਾ ਭਰਾ ਸਤਨਾਮ ਸਿੰਘ ਜ਼ਖ਼ਮੀ ਹੋ ਗਿਆ | ਮੋਟਰਸਾਈਕਲ ਦਾ ਸੰਤੁਲਨ ਵਿਗੜ ਜਾਣ ਕਾਰਨ ਉਹ ਡਿੱਗ ਪਿਆ | ਇਸ ਦੌਰਾਨ ਉਕਤ ਪੱਥਰਬਾਜ ਨੇ ਡਿੱਗੇ ਹੋਏ ਸਤਨਾਮ ਦੇ ਉਪਰ ਚੜ੍ਹ ਕੇ ਹੋਰ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ | ਇਲਾਜ ਲਈ ਉਸ ਨੂੰ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ | ਆਸ-ਪਾਸ ਦੇ ਲੋਕਾਂ ਨੇ ਪੱਥਰਬਾਜ਼ ਨੂੰ ਕਾਬੂ ਕਰ ਲਿਆ | ਉਸ ਦੀ ਪਹਿਚਾਣ ਮਨੂੰ ਜ਼ਿਲ੍ਹਾ ਜੰਜਗੀਰ ਛੱਤੀਸਗੜ੍ਹ ਦੇ ਤੌਰ 'ਤੇ ਕੀਤੀ ਗਈ |