ਗੁਰਦਾਸਪੁਰ, 17 ਫਰਵਰੀ (ਚੱਕਰਾਜਾ)-ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੁਰਸਿਮਰਨ ਸਿੰਘ ਢਿੱਲੋਂ ਵਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਸਥਾਪਤ ਕੀਤੇ ਪ੍ਰੀਖਿਆ ਕੇਂਦਰਾਂ ਦੇ ਆਲੇ ਦੁਆਲੇ 100 ਮੀਟਰ ਦੇ ਘੇਰੇ ਵਿਚ ਲੋਕਾਂ ਦੇ ਇਕੱਠੇ ਹੋਏ 'ਤੇ 17 ਫਰਵਰੀ ਤੋਂ 4 ਅਪੈ੍ਰਲ 2026 ਤੇ 15 ਮਈ ਤੋਂ 01 ਜੂਨ 2026 ਤੱਕ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ | ਪਰ ਇਹ ਹੁਕਮ ਉਨ੍ਹਾਂ ਵਿਅਕਤੀਆਂ 'ਤੇ ਲਾਗੂ ਨਹੀਂ ਹੋਵੇਗਾ ਜੋ ਇਨ੍ਹਾਂ ਪ੍ਰੀਖਿਆਵਾਂ 'ਚ ਡਿਊਟੀ 'ਤੇ ਹੋਣਗੇ | ਹੁਕਮਾਂ ਵਿਚ ਕਿਹਾ ਹੈ ਕਿ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਵਲੋਂ ਇਸ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਇਸ ਸਾਲ ਭਾਰਤ ਅਤੇ 26 ਹੋਰ ਦੇਸ਼ਾਂ ਦੇ ਲਗਪਗ 46 ਲੱਖ ਵਿਦਿਆਰਥੀ ਬੋਰਡ ਪ੍ਰੀਖਿਆਵਾਂ ਵਿਚ ਹਿੱਸਾ ਲੈਣਗੇ | ਪ੍ਰੀਖਿਆਵਾਂ 17 ਫਰਵਰੀ ਤੋਂ 11 ਅਪ੍ਰੈਲ 2026 ਤੱਕ ਨਿਰਧਾਰਿਤ ਕੀਤੀਆਂ ਹਨ | ਇਸ ਤੋਂ ਇਲਾਵਾ ਰਾਸ਼ਟਰੀ ਸਿੱਖਿਆ ਨੀਤੀ ਵਲੋਂ ਪਹਿਲੀ ਵਾਰ ਦਸਵੀਂ ਜਮਾਤ ਦੀ ਪ੍ਰੀਖਿਆ 15 ਮਈ 2026 ਤੋਂ 01 ਜੂਨ 2026 ਤੱਕ ਨਿਰਧਾਰਿਤ ਹੈ, ਜਿਸ ਵਿਚ ਲਗਭਗ 13 ਲੱਖ ਵਿਦਿਆਰਥੀ ਹਿੱਸਾ ਲੈਣਗੇ | ਇਨ੍ਹਾਂ ਪ੍ਰੀਖਿਆਵਾਂ ਨੂੰ ਸੰਚਾਰ ਢੰਗ ਨਾਲ ਕਰਵਾਉਣ ਹਿਤ ਪ੍ਰੀਖਿਆ ਕੇਂਦਰਾਂ ਨੂੰ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ |