ਗੁਰਦਾਸਪੁਰ, 17 ਫਰਵਰੀ (ਅਸ਼ੋਕ ਸ਼ਰਮਾ)-ਪਿੰਡ ਗਾਜੀਕੋਟ ਦੀ ਹੱਦ ਨਾਲ ਲੱਗਦੀ ਜਵਾਲਾਪੁਰ ਜ਼ਮੀਨ ਜਿਸ ਦਾ ਰਕਬਾ ਦੋ ਹਜ਼ਾਰ ਏਕੜ ਤੋਂ ਵੱਧ ਹੈ, ਜਿਥੇ ਮਾਈਨਿੰਗ ਦਾ ਧੰਦਾ ਪਿਛਲੇ ਕਈ ਸਾਲਾ ਤੋਂ ਨਿਰੰਤਰ ਚੱਲ ਰਿਹਾ ਹੈ | ਲੋਕਾਂ ਤੇ ਪਿੰਡ ਵਲੋਂ ਵਿਰੋਧ ਕਰਨ ਦੇ ਬਾਵਜੂਦ ਵੀ ਮਾਈਨਿੰਗ ਵਿਭਾਗ ਗੁਰਦਾਸਪੁਰ ਕੋਈ ਹੱਲ ਨਹੀਂ ਕਰ ਸਕਿਆ | ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਜਵਾਲਾਪੁਰ ਜ਼ਮੀਨ 'ਚ 24 ਘੰਟੇ 50 ਦੇ ਕਰੀਬ ਜੇ.ਸੀ.ਬੀ ਮਸ਼ੀਨਾਂ ਚੱਲ ਰਹੀਆਂ ਹਨ ਤੇ ਇਸ ਨਾਲ ਸਰਕਾਰ ਨੰੂ ਲੱਖਾਂ ਰੁਪਏ ਦਾ ਨਿੱਤ ਦਾ ਚੂਨਾ ਲੱਗ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਜ਼ਮੀਨ ਨਵਾਂ ਪਿੰਡ ਅਧੀਨ ਆਉਂਦੀ ਹੈ ਤੇ ਕੁੱਝ ਜ਼ਮੀਨ ਦਾ ਹਿੱਸਾ ਸਿਆਸੀ ਸ਼ਹਿ ਦੀ ਭੇਟ ਚੜ੍ਹ ਗਿਆ ਹੈ, ਜਿਥੇ ਲੋਕ ਕਾਰੋਬਾਰ ਕਰ ਰਹੇ ਹਨ ਤੇ ਉਹ ਠੇਕੇ 'ਤੇ ਜ਼ਮੀਨ ਲੈ ਕੇ ਪੰਚਾਇਤ ਨੰੂ ਨਾ ਮਾਤਰ ਠੇਕਾ ਦਿੰਦੇ ਹਨ | ਜਿਸ ਨਾਲ ਸਰਕਾਰ ਨੰੂ ਵੱਡਾ ਨੁਕਸਾਨ ਤਾਂ ਹੋ ਰਿਹਾ ਹੈ | ਪਰ ਮਾਈਨਿੰਗ ਰੁਕਣ ਦਾ ਨਾਂਅ ਨਹੀਂ ਲੈ ਰਹੀ | ਕੁਝ ਲੋਕਾਂ ਨੇ ਮਹਿਕਮੇ ਦੀ ਕਥਿਤ ਮਿਲੀਭੁਗਤ ਨਾਲ ਗ਼ਲਤ ਰਜਿਸਟਰੀ ਕਰਕੇ ਅੱਗੇ ਵੇਚ ਦਿੱਤੀ ਹੈ | ਜਦੋਂ ਕਿ ਜਵਾਲਾਪੁਰ ਦੀ ਜ਼ਮੀਨ 2 ਹਜ਼ਾਰ ਏਕੜ ਵਿਚੋਂ ਇਕ ਹਜ਼ਾਰ ਦੇ ਕਰੀਬ ਖ਼ੁਰਦ ਬੁਰਦ ਸਿਆਸੀ ਰਹਿਬਰਾਂ ਦੀ ਭੇਟ ਚੜ੍ਹ ਗਈ ਹੈ | ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਦੇ ਮਾਲ ਮਹਿਕਮੇ ਦੇ ਮੰਤਰੀ ਪਾਸੋਂ ਮੰਗ ਕੀਤੀ ਕਿ ਇਸ ਜ਼ਮੀਨ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਜੋ ਲੋਕਾਂ ਸਾਹਮਣੇ ਵੱਡਾ ਘਪਲਾ ਨਸ਼ਰ ਹੋ ਸਕੇ | ਜਦੋਂ ਇਸ ਸਬੰਧੀ ਮਾਲ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਕੁਝ ਕਹਿਣ ਤੋਂ ਅਸਮਰਥ ਰਹੇ |