ਗੁਰਦਾਸਪੁਰ, 18 ਫਰਵਰੀ (ਅਸ਼ੋਕ ਸ਼ਰਮਾ)-ਪੰਡੋਰੀ ਮਹੰਤਾਂ ਤੋਂ ਪੁਰਾਣਾ ਸ਼ਾਲਾ ਨੰੂ ਜਾਣ ਵਾਲੀ ਮੁੱਖ ਸੜਕ ਪਿਛਲੇ 3 ਸਾਲਾਂ ਤੋਂ ਬਹੁਤ ਖਸਤਾ ਹਾਲਤ ਹੋਈ ਗਈ ਹੈ | ਜਿਸ ਨਾਲ ਇਲਾਕੇ ਦੇ 50 ਪਿੰਡਾਂ ਦੇ ਲੋਕਾਂ ਨੰੂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੜਕ ਨੰੂ ਬਣਾਉਣ ਲਈ ਵਿਭਾਗ ਵਲੋਂ ਮਨਜ਼ੂਰੀ ਮਿਲਣ ਦੇ ਬਾਵਜੂਦ ਸੜਕ ਦਾ ਕੰਮ ਠੰਢੇ ਬਸਤੇ 'ਚ ਪਿਆ ਹੋਇਆ ਹੈ | ਇਸ ਸਬੰਧੀ ਸੀਨੀਅਰ ਆਗੂ ਸ਼ੋ੍ਰਮਣੀ ਅਕਾਲੀ ਦਲ ਪਰਮਵੀਰ ਸਿੰਘ ਲਾਡੀ, ਤਰਸੇਮ ਸਿੰਘ ਚੰਦਰਭਾਨ, ਸਾਬਕਾ ਸਰਪੰਚ ਭਗਵਾਨ ਸਿੰਘ ਆਦਿ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੰੂ ਕਾਫ਼ੀ ਸਮਾਂ ਹੋ ਗਿਆ ਹੈ | ਪਰ ਸਰਕਾਰ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਨਹੀਂ ਕਰਵਾ ਸਕੀ | ਉਨ੍ਹਾਂ ਦੱਸਿਆ ਕਿ ਪੁਰਾਣਾ ਸ਼ਾਲਾ ਤੋਂ ਪੰਡੋਰੀ ਤੇ ਦੀਨਾਨਗਰ ਨੰੂ ਜਾਣ ਵਾਲੀ ਸੜਕ ਪਿਛਲੇ ਤਿੰਨ ਸਾਲਾ ਤੋਂ ਲਾਵਾਰਸ ਬਣੀ ਹੈ, ਹੁਣ ਸੜਕ 'ਚ ਡੂੰਘੇ ਟੋਏ ਲੋਕਾਂ ਲਈ ਸਿਰਦਰਦੀ ਬਣ ਗਏ ਹਨ, ਕਿਉਂਕਿ ਟੋਇਆਂ 'ਚ ਡਿੱਗਣ ਕਾਰਨ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ | ਫਿਰ ਵੀ ਵਿਭਾਗ ਚੁੱਪੀ ਧਾਰੀ ਬੈਠਾ ਹੈ | ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਇਸ ਸੜਕ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ ਤਾਂ ਜੋ ਲੋਕਾਂ ਨੰੂ ਰਾਹਤ ਮਿਲ ਸਕੇ |