30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਭਲਾਈ ਤੇ ਨਿਆਂ ਲਈ ਕਮਿਸ਼ਨ ਵਚਨਬੱਧ- ਚੇਅਰਮੈਨ ਗੜ੍ਹੀ

ਅਜੀਤ ਡੈਸਕ 21-02-2026
ਬਟਾਲਾ, 20 ਫਰਵਰੀ (ਸਤਿੰਦਰ ਸਿੰਘ)-ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀ ਭਲਾਈ ਤੇ ਉਨ੍ਹਾਂ ਨੂੰ ਨਿਆਂ ਦੇਣ ਲਈ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵਚਨਬੱਧ ਹੈ ਤੇ ਕਮਿਸ਼ਨ ਖੁਦ ਲੋਕਾਂ ਤੱਕ ਪਹੁੰਚ ਕਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਦਾ ਨਿਪਟਾਰਾ ਕਰ ਰਿਹਾ ਹੈ | ਇਹ ਪ੍ਰਗਟਾਵਾ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸਥਾਨਕ ਸ਼ਿਵ ਕੁਮਾਰ ਬਟਾਲਵੀ ਆਡੋਟੋਰੀਅਮ ਬਟਾਲਾ ਵਿਖੇ ਖੁੱਲੇ ਦਰਬਾਰ 'ਚ ਐਸ.ਸੀ. ਭਾਈਚਾਰੇ ਨਾਲ ਸਬੰਧਤ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਐਸ.ਪੀ.(ਡੀ) ਸੰਦੀਪ ਵਡੇਰਾ, ਐਸ.ਡੀ.ਐਮ. ਬਟਾਲਾ ਗੁਰਮੰਦਰ ਸਿੰਘ, ਭਾਈ ਦਵਿੰਦਰ ਸਿੰਘ ਸੰਤ ਸਿਪਾਹੀ ਸੋਸਾਇਟੀ ਲੁਧਿਆਣਾ ਮੌਜੂਦ ਸਨ | ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਐਸ.ਸੀ. ਕਮਿਸ਼ਨ ਕੋਲ ਵੱਖ-ਵੱਖ ਸ਼ਿਕਾਇਤਾਂ ਪਹੁੰਚੀਆਂ ਸਨ, ਉਨ੍ਹਾਂ ਵਿਚੋਂ ਕੁਝ ਸਬੰਧੀ ਅੱਜ ਸ਼ਿਕਾਇਤ ਕਰਤਾਵਾਂ ਤੇ ਸਬੰਧਤ ਵਿਭਾਗਾਂ ਨੂੰ ਮਿਲਾਇਆ ਗਿਆ ਤੇ ਸ਼ਿਕਾਇਤਾਂ ਹੱਲ ਕਰਵਾਈਆਂ ਗਈਆਂ | ਉਨ੍ਹਾਂ ਕਿਹਾ ਕਿ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵਲੋਂ ਲੋੜਵੰਦ ਲੋਕਾਂ ਦੇ ਹਿੱਤ ਨੂੰ ਮੁੱਖ ਰੱਖਦਿਆਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ, ਜਿਸ ਦੇ ਚੱਲਦਿਆਂ ਉਨ੍ਹਾਂ ਅੱਜ ਖੁੱਲ਼ਾ ਦਰਬਾਰ ਲਗਾ ਕੇ ਅਨੁਸੂਚਿਤ ਜਾਤੀ ਵਰਗ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਹਨ ਅਤੇ ਅਗਲੇ ਛੇ ਮਹਿਨਿਆਂ ਵਿਚ ਹਰ ਜ਼ਿਲ੍ਹੇ/ਤਹਿਸੀਲ ਵਿਚ ਲੋਕਾਂ ਤੱਕ ਪਹੁੰਚ ਕੀਤੀ ਜਾਵੇਗੀ | ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਐਸ.ਸੀ./ਐਸ.ਟੀ. ਐਕਟ ਦੀਆਂ ਧਰਾਵਾਂ ਆਦਿ ਦੀ ਜਾਣਕਾਰੀ ਦੇਣ ਲਈ ਮਹਾਰਾਜਾ ਰਣਜੀਤ ਸਿੰਘ ਪੁਲਿਸ ਪਬਲਿਕ ਅਕੈਡਮੀ ਫਿਲੌਰ ਵਿਖੇ ਡੀ.ਐਸ.ਪੀਜ਼. ਨੂੰ ਸਿਖਲਾਈ ਪ੍ਰਦਾਨ ਕੀਤੀ ਗਈ ਹੈ ਤਾਂ ਜੋ ਐਸ.ਸੀ. ਭਾਈਚਾਰੇ ਨਾਲ ਸਬੰਧਤ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਵਿਚ ਕੋਈ ਮੁਸ਼ਕਲ ਪੇਸ਼ ਨਾ ਆਵੇ ਤੇ ਉਹ ਐਸ.ਸੀ./ਐਸ.ਟੀ. ਐਕਟ ਨੂੰ ਬਾਰੀਕੀ ਨਾਲ ਸਮਝ ਸਕਣ | ਪੱਤਰਕਾਰਾਂ ਦੇ ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਧਿਆਨ ਵਿਚ ਪਿੰਡ ਕੋਟਲੀ ਸੂਰਤ ਮੱਲ੍ਹੀ ਤੋਂ ਐਸ.ਸੀ. ਪੀੜਤ ਵਿਅਕਤੀ ਵਲੋਂ ਗਲੀ ਦੇ ਰਸਤੇ ਨੂੰ ਲੈ ਕੇ ਇਕ ਸ਼ਿਕਾਇਤ ਕੀਤੀ ਗਈ ਸੀ, ਜਿਸ ਸਬੰਧੀ ਉਨ੍ਹਾਂ ਵਧੀਕ ਡਿਪਟੀ ਕਮਿਸ਼ਨਰ ( ਜ) ਗੁਰਦਾਸਪੁਰ ਨੂੰ ਹਦਾਇਤ ਕੀਤੀ ਹੈ ਕਿ ਉਹ ਮਾਮਲੇ ਦੀ ਜਾਂਚ ਪੜਤਾਲ ਕਰਨ ਅਤੇ ਕੀਤੀ ਗਈ ਕਾਰਵਾਈ ਸਬੰਧੀ 25 ਫਰਵਰੀ ਨੂੰ ਨਿੱਜੀ ਤੌਰ 'ਤੇ ਕਮਿਸ਼ਨ ਨੂੰ ਰਿਪੋਰਟ ਕਰਨ | ਇਸ ਮੌਕੇ ਉਨ੍ਹਾਂ ਸਰਪੰਚ ਖਿਲਾਫ਼ ਕਾਰਵਾਈ ਕਰਨ ਲਈ ਡੀ.ਡੀ.ਪੀ.ਓ. ਗੁਰਦਾਸਪੁਰ ਨੂੰ ਹਦਾਇਤ ਕੀਤੀ | ਇਸ ਤੋਂ ਪਹਿਲਾਂ ਲੋਕਾਂ ਵਲੋਂ ਪੁਲਿਸ ਨਾਲ ਸਬੰਧਤ ਵੱਖ-ਵੱਖ ਸ਼ਿਕਾਇਤਾਂ ਜਿਨ੍ਹਾਂ ਵਿਚ ਲੜਾਈ/ਝਗੜੇ ਆਦਿ ਸਮੇਤ ਵੱਖ-ਵੱਖ ਸ਼ਿਕਾਇਤਾਂ ਕਮਿਸ਼ਨ ਦੇ ਧਿਆਨ ਵਿਚ ਲਿਆਂਦੀਆਂ ਗਈਆਂ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਸਿਮਰਨ ਸਿੰਘ ਢਿੱਲੋਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਤਰਫੋਂ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਵਿਸ਼ਵਾਸ਼ ਦਿਵਾਇਆ ਹੈ ਕਿ ਉਨ੍ਹਾਂ ਵਲੋਂ ਜੋ ਹਦਾਇਤਾਂ ਕੀਤੀਆਂ ਗਈਆਂ ਹਨ, ਉਨ੍ਹਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕੀਤੀ ਜਾਵੇਗੀ |
ਇਸ ਮੌਕੇ ਮੈਡਮ ਨਵਜੋਤ ਸ਼ਰਮਾ ਆਰ.ਟੀ.ਏ., ਪੀ.ਸੀ.ਐਸ. ਅਧਿਕਾਰੀ ਕੁਲਦੀਪ ਚੰਦ, ਰੁਪਿੰਦਰਪਾਲ ਸਿੰਘ, ਅਰਜਨ ਸਿੰਘ ਗਰੇਵਾਲ ਤਹਿਸੀਲਦਾਰ ਬਟਾਲਾ, ਗੁਰਲਾਲ ਸ਼ੈਲਾ, ਰੁਪਿੰਦਰ ਸਿੰਘ ਰੋਮੀ, ਹਰਪ੍ਰੀਤ ਸਿੰਘ, ਕੈਪਟਨ ਮਹਿੰਦਰ ਸਿੰਘ, ਸਕੱਤਰ ਸਿੰਘ ਸਹੋਤਾ, ਸੂਬੇਦਾਰ ਖਜਾਨ ਸਿੰਘ, ਕੈਪਟਨ ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਫੌਜੀ, ਪਰਮਜੀਤ ਸਿੰਘ ਫੌਜੀ, ਸੇਵਕ ਸਿੰਘ ਸਹੋਤਾ, ਡਾ. ਰਜਿੰਦਰ ਸਿੰਘ, ਡੀ.ਡੀ.ਪੀ.ਓ. ਹਰਪ੍ਰੀਤ ਸਿੰਘ ਅਧਿਕਾਰੀ ਮੌਜੂਦ ਸਨ |
ਪਿਛਲੀ ਖ਼ਬਰ ਐਡਵੋਕੇਟ ਕਰਨਜੀਤ ਸਿੰਘ ਗੁਰਦਾਸਪੁਰ ਵਿਖੇ ਵਕੀਲਾਂ ਦੇ ਹੋਏ ਰੂਬਰੂ ਅਗਲੀ ਖ਼ਬਰ ਨੌਜਵਾਨ ਵਲੋਂ ਸਪੀਡ ਪੋਸਟ ਰਾਹੀਂ ਭੇਜੇ ਗਏ 15 ਹਜ਼ਾਰ ਦੇ ਬੂਟ ਹੋਏ ਗ਼ਾਇਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।