ਪਠਾਨਕੋਟ, 27 ਫਰਵਰੀ (ਸੰਧੂ)-ਅੱਜ ਅਦਾਲਤ ਨੇ ਭਾਜਪਾ ਦੁਆਰਾ ਬਣਾਏ ਗਏ ਨਕਲੀ ਸ਼ਰਾਬ ਘੁਟਾਲੇ ਬਾਰੇ ਸੱਚਾਈ ਦਾ ਖ਼ੁਲਾਸਾ ਕੀਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੇ ਆਮ ਆਦਮੀ ਪਾਰਟੀ ਨੂੰ ਤਬਾਹ ਕਰਨ ਲਈ ਆਜ਼ਾਦ ਭਾਰਤ ਦੀ ਸਭ ਤੋਂ ਵੱਡੀ ਸਾਜ਼ਿਸ਼ ਰਚੀ ਸੀ | ਪਰ ਅੱਜ ਅਦਾਲਤ 'ਚ ਇਹ ਸਾਬਤ ਹੋ ਗਿਆ ਕਿ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਇਕ ਬਹੁਤ ਹੀ ਇਮਾਨਦਾਰ ਵਿਅਕਤੀ ਹਨ ਤੇ 'ਆਪ' ਇਕ ਬਹੁਤ ਹੀ ਇਮਾਨਦਾਰ ਪਾਰਟੀ ਹੈ | ਉਕਤ ਗੱਲਾਂ ਦਾ ਪ੍ਰਗਟਾਵਾ 'ਆਪ' ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ ਨੇ ਪਟੇਲ ਚੌਕ ਸਥਿਤ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ | ਇਸ ਮੌਕੇ ਪਠਾਨਕੋਟ ਹਲਕੇ ਦੇ ਇੰਚਾਰਜ ਵਿਭੂਤੀ ਸ਼ਰਮਾ ਨੇ ਆਪਣੇ ਸਾਰੇ ਸਾਥੀਆਂ ਨਾਲ ਮਿਲ ਕੇ ਪਾਰਟੀ ਦਫ਼ਤਰ ਦੇ ਬਾਹਰ ਢੋਲ ਵਜਾ ਕੇ ਜਸ਼ਨ ਮਨਾਇਆ | ਉਨ੍ਹਾਂ ਕਿਹਾ ਕਿ ਸ਼ਰਾਬ ਘੁਟਾਲੇ ਦੇ ਨਾਮ 'ਤੇ ਲਗਾਏ ਗਏ ਦੋਸ਼ ਰਾਜਨੀਤਿਕ ਦੁਰਭਾਵਨਾ ਤੋਂ ਪ੍ਰੇਰਿਤ ਸਨ ਅਤੇ ਆਮ ਆਦਮੀ ਪਾਰਟੀ ਦੇ ਅਕਸ ਨੂੰ ਖ਼ਰਾਬ ਕਰਨ ਦੇ ਉਦੇਸ਼ ਨਾਲ ਸਨ |